ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਇੱਕ ਵਾਰ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਹਮਲਾ ਬੋਲਦਿਆਂ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ ‘ਚ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਦੋਸ਼ ਲਗਾਇਆ ਹੈ ਕਿ ਗੁੱਸੇ ‘ਚ ਉਨ੍ਹਾਂ ਨੇ ਭਾਜਪਾ ਨਾਲ ਸਬੰਧ ਹੋਣ ਦੀ ਗੱਲ ਕਬੂਲ ਕੀਤੀ ਹੈ, ਨਾਲ ਹੀ ਉਨ੍ਹਾਂ ਨੇ ਗਲਤ ਸ਼ਬਦਾਵਲੀ ਵਰਤੀ ਹੈ।
ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਕਦੇ ਵੀ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਉਹ ਦੋ ਮਹੀਨੇ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ, ਭਾਵੇਂ ਇਹ ਪ੍ਰਵਾਨ ਹੋਵੇ ਜਾਂ ਨਾ।
ਸੋਸ਼ਲ ਮੀਡੀਆ ‘ਤੇ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਵਾਇਰਲ ਵੀਡੀਓ ……..!!!
ਉਨ੍ਹਾਂ ਕਿਹਾ ਮੈਂ ਕੋਈ ਟਿੱਪਣੀ ਨਹੀਂ ਕਰ ਰਿਹਾ ਹੈ…..ਜੇ ਫਿਰ ਵੀ ਗੁਸਤਾਖੀ ਕਰ ਰਿਹਾ ਹੋਵਾਂ ਤਾਂ ਹੱਥ ਜੋੜਕੇ ਮਾਫੀ ਮੰਗਦਾ ਹਾਂ। ਮੈਂ ਸਿਰਫ ਪੰਥ ਨੂੰ ਇਹ ਦੱਸਣ ਵਾਸਤੇ ਕਿ ਇਹ ਵੀਡੀਓ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦੀ ਹੈ ਇਸ ਕਰਕੇ ਆਪਣੇ ਪੇਜ ‘ਤੇ ਅਪਲੋਡ ਕਰ ਰਿਹਾ ਹਾਂ। ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੀ ਤਲਬੀ ਸਮੇਂ ਤੈਸ਼ ‘ਚ ਆਕੇ ਬਹੁਤ ਕੁੱਝ ਸਵੀਕਾਰ ਕੀਤਾ ਸੀ। ਉਨਾਂ ਇਹ ਵੀ ਸਵੀਕਾਰ ਕੀਤਾ ਕਿ,
“ਹਾਂ ਮੇਰੀ BJP ਨਾਲ ਸਾਂਝ ਹੈ।”
ਉਨ੍ਹਾਂ ਅੱਗੇ ਕਿਹਾ ਕਿ ਤੈਸ਼ ‘ਚ ਹੀ ਕੇਂਦਰ ਸਰਕਾਰ ਨਾਲ ਸਾਂਝ ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੁੱਸੇ ਵਿੱਚ ਕਈ ਵਾਰ ਅਕਾਲੀਆਂ ਲਈ “ਭੈਣ ਚੋ…” ਤੇ “ਸਾਲਿਓ” ਸ਼ਬਦ ਦੀ ਵੀ ਵਰਤੋਂ ਕੀਤੀ। ਤੁਹਾਨੂੰ ਦੱਸ ਦਈਏ ਕਿ 16 ਅਕਤੂਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੂੰ ਤਖ਼ਤ ਦੇ ਜਥੇਦਾਰਾਂ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਸੀ।