ਲੁਧਿਆਣਾ, 20 ਜੁਲਾਈ: ਸਥਾਨਿਕ ਮਾਡਲ ਟਾਊਨ ਇਲਾਕੇ ਵਿੱਚ ਬੀਤੀ ਰਾਤ ਇੱਕ ਨਾਬਾਲਗ ਲੜਕੀ ਨੇ ਘਰ ‘ਚ ਹੀ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਕਰਨ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਮਾਡਲ ਟਾਊਨ ਦੀ ਪੁਲਿਸ ਆਤਮ ਹੱਤਿਆ ਦੇ ਕਾਰਨਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਮ੍ਰਿਤਕ ਲੜਕੀ ਦਾ ਨਾਂ ਕੰਚਨ ਹੈ।
ਜਾਣਕਾਰੀ ਦੇ ਅਨੁਸਾਰ ਉਹ ਪਿਛਲੇ ਡੇਢ ਮਹੀਨੇ ਤੋਂ ਇਸ ਘਰ ਵਿੱਚ ਰਹਿ ਰਹੀ ਸੀ ਤੇ ਘਰ ਦਾ ਕੰਮ ਕਰ ਕਰ ਰਹੀ ਸੀ। ਪੁਲਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਲੜਕੀ ਦੀ ਵੱਡੀ ਭੈਣ ਊਸ਼ਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਯੂਪੀ ਦੀ ਰਹਿਣ ਵਾਲੀ ਸੀ। ਘਰ ਦਾ ਮਾਲਕ ਉਸ ਨੂੰ ਹਰ ਰੋਜ਼ ਕਿਸੇ ਨਾ ਕਿਸੇ ਗੱਲ ‘ਤੇ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਣ ਨਹੀਂ ਦਿੰਦਾ ਸੀ। ਬੀਤੀ ਦੁਪਹਿਰ ਨੂੰ ਉਸ ਨੇ ਫੋਨ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ।
ਵੱਡੀ ਭੈਣ ਨੇ ਉਸਨੂੰ ਸਮਝਾਇਆ ਕਿ ਉਹ ਸ਼ਾਮ ਨੂੰ ਉਸਨੂੰ ਲੈਣ ਆਵੇਗੀ। ਸ਼ਾਮ ਕਰੀਬ 6 ਵਜੇ ਉਸ ਦੀ ਮਾਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਕੰਚਨ ਨੇ ਫਾਹਾ ਲੈ ਲਿਆ ਹੈ। ਪੀੜਤ ਪਰਿਵਾਰ ਨੇ ਸਿਵਲ ਹਸਪਤਾਲ ਪਹੁੰਚ ਕੇ ਹੰਗਾਮਾ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ।
ਜਿਸ ਤੋਂ ਬਾਅਦ ਥਾਣਾ ਮਾਡਲ ਟਾਊਨ, ਥਾਣਾ ਡਵੀਜ਼ਨ 2 ਅਤੇ ਪੁਲਿਸ ਚੌਕੀ ਸਿਵਲ ਹਸਪਤਾਲ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਥਾਣਾ ਮਾਡਲ ਟਾਊਨ ਦੀ ਐਸਐਚਓ ਅਵਨੀਤ ਕੌਰ ਨੇ ਦੱਸਿਆ ਕਿ ਪੁਲੀਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।