ਦਿ ਸਿਟੀ ਹੈੱਡ ਲਾਈਨਸ
ਸ਼ਿਮਲਾ, 1 ਫਰਵਰੀ: ਪੰਜਾਬ ਵਿੱਚ ਅੱਜ ਸਵੇਰੇ ਕਰੀਬ ਦੋ ਮਹੀਨਿਆਂ ਬਾਅਦ ਤੇਜ਼ ਹਵਾਵਾਂ ਨਾਲ ਮੀਂਹ ਤੇ ਗੜੇਮਾਰੀ ਹੋਈ, ਜਿਸ ਨਾਲ ਲੋਕਾਂ ਨੂੰ ਸੁੱਕੀ ਪੈ ਰਹੀ ਠੰਡ ਤੋਂ ਰਾਹਤ ਮਿਲੀ। ਦੂਜੇ ਪਾਸੇ ਪੰਜਾਬ ਦੇ ਨਾਲ ਲਗਦੇ ਰਾਜ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਅਤੇ ਕਬਾਇਲੀ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਜਾਰੀ ਰਹੀ ਜਦੋਂ ਕਿ ਰਾਜ ਦੀ ਰਾਜਧਾਨੀ ਸ਼ਿਮਲਾ ਵਿੱਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਦਸੰਬਰ ਮਹੀਨੇ ਤੋਂ ਬਰਫਬਾਰੀ ਦੀ ਉਡੀਕ ਕਰਦੇ ਸੈਲਾਨੀਆਂ ਦੇ ਚਿਹਰਿਆਂ ਤੇ ਰੌਣਕ ਆ ਗਈ। ਸ਼ਿਮਲਾ ਵੀਰਵਾਰ ਨੂੰ ਬਰਫ ਦੀ ਪਤਲੀ ਚਾਦਰ ‘ਚ ਲਿਪਟ ਗਿਆ, ਜਦੋਂ ਕਿ ਕੁਫਰੀ ਅਤੇ ਫਾਗੂ ਵਿਚਕਾਰ ਪੰਜ ਕਿਲੋਮੀਟਰ ਦਾ ਇਲਾਕਾ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਗਿਆ। ਠੰਡ ਦੇ ਬਾਵਜੂਦ ਸੈਲਾਨੀਆਂ ਅਤੇ ਨਿਵਾਸੀਆਂ ਨੇ ਬਰਫਬਾਰੀ ਦਾ ਆਨੰਦ ਲੈਣ ਲਈ ਸ਼ਹਿਰ ਦੇ ਮੱਧ ਵਿਚ ਮਾਲ ਰੋਡ ਅਤੇ ਰਿਜ ‘ਤੇ ਇਕੱਠੇ ਹੋਏ। ਸ਼ਿਮਲਾ ‘ਚ ਬੁੱਧਵਾਰ ਰਾਤ ਨੂੰ ਭਾਰੀ ਗੜੇਮਾਰੀ ਹੋਈ। ਜਿਸ ਤੋਂ ਬਾਅਦ ਰੁਕ-ਰੁਕ ਕੇ ਮੀਂਹ ਪਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਰਾਜ ਵਿੱਚ ਛੇ ਰਾਸ਼ਟਰੀ ਰਾਜਮਾਰਗਾਂ ਸਮੇਤ 240 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ 677 ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ। ਕੇਂਦਰ ਨੇ ਕਿਹਾ ਕਿ ਕਿਨੌਰ ਅਤੇ ਕਬਾਇਲੀ ਜ਼ਿਲ੍ਹਿਆਂ ਲਾਹੌਲ ਅਤੇ ਸਪਿਤੀ ਵਿੱਚ 165 ਸੜਕਾਂ ਬੰਦ ਹਨ। ਕੁਫਰੀ, ਫਾਗੂ ਅਤੇ ਨਾਰਕੰਡਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ। ਸ਼ਿਮਲਾ ਦੇ ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਬਰਫ਼ਬਾਰੀ ਅਤੇ ਸੜਕ ‘ਤੇ ਤਿਲਕਣ ਹੋਣ ਕਾਰਨ ਢੱਲੀ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸੜਕਾਂ ’ਤੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।
ਸਥਾਨਕ ਮੌਸਮ ਵਿਭਾਗ ਨੇ 1 ਫਰਵਰੀ ਨੂੰ ਸ਼ਿਮਲਾ, ਕੁੱਲੂ, ਚੰਬਾ, ਕਿਨੌਰ ਅਤੇ ਲਾਹੌਲ ਅਤੇ ਸਪੀਤੀ ਦੇ ਪੰਜ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।