ਜਲੰਧਰ : ਹਿਮਾਚਲ ਦੇ ਸ਼ਿਮਲਾ ‘ਚ ਹੋਈਆਂ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਬੰਪਰ ਜਿੱਤ ‘ਤੇ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼ਿਮਲਾ ਦੇ ਨਤੀਜੇ ਭਾਜਪਾ ਦੇ ਖਾਤਮੇ ਦੀ ਸ਼ੁਰੂਆਤ ਹੈ ਤੇ ਜ਼ਮੀਨੀ ਪੱਧਰ ‘ਤੇ ਕਾਂਗਰਸ ਮਜ਼ਬੂਤੀ ਨਾਲ ਉਭੱਰ ਕੇ ਸਾਹਮਣੇ ਆ ਰਹੀ ਹੈ ਅਤੇ ਕਰਨਾਟਕਾ ਅਤੇ ਜਲੰਧਰ ਉੱਪ ਚੋਣ ‘ਚ ਕਾਂਗਰਸ ਪੱਖੀ ਨਤੀਜੇ ਤੋਂ ਸਾਫ ਹੋ ਜਾਵੇਗਾ ਕਿ ਦੇਸ਼ ਵਾਸੀ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇ ਖਿਲਾਫ਼ ਹਨ।
ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦਾ ਝੁਕਾਅ ਮੁੜ ਕਾਂਗਰਸ ਵੱਲ ਵੱਧਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਵਿਸ਼ਵਾਸ਼ ਹੈ ਕਿ ਕਾਂਗਰਸ ਪਾਰਟੀ ਹੀ ਆਮ ਲੋਕਾਂ ਦੀ ਬਾਂਹ ਫੜਨ ਵਾਲੀ ਪਾਰਟੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਦੇਸ਼ ਨੂੰ ਚਲਾਉਣ ਲਈ ਨੀਤੀ ਦੀ ਜ਼ਰੂਰਤ ਹੁੰਦੀ ਹੈ ਜੋ ਭਾਰਤੀ ਜਨਤਾ ਪਾਰਟੀ ਕੋਲ ਨਹੀਂ ਹੈ ਏਹੀ ਕਾਰਨ ਹੈ ਕਿ ਪਿਛਲੇ 9 ਸਾਲਾਂ ‘ਚ ਦੇਸ਼ ਦੇ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਜੀਐਸਟੀ ਅਤੇ ਨੋਟਬੰਦੀ ਵਰਗੇ ਗਲਤ ਫੈਂਸਲਿਆਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਿਮਾਚਲ ਦੀ ਤਰ੍ਹਾਂ ਪੰਜਾਬ ਅਤੇ ਕਰਨਾਟਕਾ ‘ਚ ਵੀ ਕਾਂਗਰਸ ਪੱਖੀ ਨਤੀਜੇ ਆਉਣਗੇ ਜੋ ਆਗਾਮੀ ਲੋਕ ਸਭਾ ਚੋਣਾਂ ‘ਚ ਪਾਰਟੀ ਲਈ ਚੰਗੇ ਸੰਕੇਤ ਸਾਬਿਤ ਹੋਣਗੇ।