ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰਿਆਂ ‘ਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 8 ਪੋਹ ਅਤੇ 13 ਪੋਹ ਨੂੰ ਸਵੇਰੇ 10 ਵਜੇ 10 ਮਿੰਟ ਲਈ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨ ਅਤੇ ਇਕ ਪੋਹ ਤੋਂ 14 ਪੋਹ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਕੇ ਲੰਗਰਾਂ ਵਿਚ ਮਿੱਠੇ ਪਦਾਰਥ ਨਾ ਬਣਾਏ ਜਾਣ।
ਜਥੇਦਾਰ ਸਾਹਿਬ ਨੇ ਕਿਹਾ ਕਿ ਸੰਗਤਾਂ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ‘ਤੇ ਸਤਿਕਾਰ ਭੇਂਟ ਕਰਦੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਵਿੱਚ ਮਿੱਠੇ ਪਕਵਾਨ ਨਾ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕਣ ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣ। ਉਨ੍ਹਾਂ ਕਿਹਾ ਇਸ ਦੌਰਾਨ ਨੌਜਵਾਨ ਆਪਣੇ ਟਰੈਕਟਰਾਂ ਦੇ ਉੱਪਰ ਸਪੀਕਰ ਅਤੇ ਕਿਸੇ ਵੀ ਤਰੀਕੇ ਦੇ ਗੀਤ ਨਾ ਵਜਾਉਣ।