ਲੁਧਿਆਣਾ, 16 ਜੁਲਾਈ: ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗੈਰ-ਕਾਨੂੰਨੀ ਵੇਹੜਿਆਂ/ਲੇਬਰ ਕੁਆਰਟਰਾਂ ਅਤੇ ਦੱਖਣੀ ਹਲਕੇ ਵਿੱਚ ਹੋਰ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਕਾਰਵਾਈ ਕਰਨ।
ਇਹ ਮੀਟਿੰਗ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ ਅਤੇ ਇਸ ਮੀਟਿੰਗ ਵਿੱਚ ਨਗਰ ਨਿਗਮ ਸੰਯੁਕਤ ਕਮਿਸ਼ਨਰ ਇੰਦਰਪਾਲ, ਨਿਗਰਾਨ ਇੰਜਨੀਅਰ ਰਵਿੰਦਰ ਗਰਗ, ਨਿਗਰਾਨ ਇੰਜਨੀਅਰ ਸੰਜੇ ਕੰਵਰ, ਨਿਗਰਾਨ ਇੰਜਨੀਅਰ ਪਰਵੀਨ ਸਿੰਗਲਾ, ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ, ਏ.ਟੀ.ਪੀ ਜਗਦੀਪ ਆਦਿ ਹਾਜ਼ਰ ਸਨ।
ਵਿਧਾਇਕ ਛੀਨਾ ਨੇ ਗੈਰ-ਕਾਨੂੰਨੀ ਲੇਬਰ ਕੁਆਰਟਰਾਂ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਲੁਧਿਆਣਾ ਦੱਖਣੀ ਹਲਕੇ ਵਿੱਚ ਗੈਰ-ਕਾਨੂੰਨੀ ਉਸਾਰੀਆਂ ਅਤੇ ਗੈਰ-ਕਾਨੂੰਨੀ ਮੀਟ ਕਟਾਈ ਦੇ ਖਿਲਾਫ ਮੁਹਿੰਮ ਚਲਾਉਣ ਦੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਹਲਕੇ ਵਿੱਚ ਵੈਂਡਿੰਗ ਜ਼ੋਨ ਸਥਾਪਤ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਤਾਂ ਜੋ ਰੇਹੜੀ-ਫੜ੍ਹੀ ਵਾਲਿਆਂ ਨੂੰ ਸੜਕ ਦੇ ਕਿਨਾਰਿਆਂ ਤੋਂ ਤਬਦੀਲ ਕਰਕੇ ਵੈਂਡਿੰਗ ਜ਼ੋਨਾਂ ਵਿੱਚ ਸਹੀ ਢੰਗ ਨਾਲ ਠਹਿਰਾਇਆ ਜਾ ਸਕੇ।
ਵਿਧਾਇਕ ਛੀਨਾ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਲੇਬਰ ਕੁਆਟਰਾਂ ਦਾ ਵੀ ਸਰਵੇ ਕੀਤਾ ਜਾਵੇ ਅਤੇ ਬਕਾਇਆ ਵਸੂਲੀ ਲਈ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ। ਇਸ ਦੌਰਾਨ ਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਮੌਸਮ ਦੌਰਾਨ ਵਿਸ਼ੇਸ਼ ਤੌਰ ‘ਤੇ ਸੀਵਰੇਜ ਲਾਈਨਾਂ/ਰੋਡ ਜਾਲੀਆਂ ਆਦਿ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ।