ਦਿ ਸਿਟੀ ਹੈੱਡਲਾਈਨਸ
ਲੁਧਿਆਣਾ, 18 ਜਨਵਰੀ: ਜਲੰਧਰ ਬਾਈਪਾਸ, ਸਲੇਮ ਟਾਬਰੀ ਮੁੱਖ ਸੜਕ ਅਤੇ ਰੇਲਵੇ ਸਟੇਸ਼ਨ ਰੋਡ (ਪੁਰਾਣੀ ਜੀ.ਟੀ. ਰੋਡ) ਸਮੇਤ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਸੈਕਟਰੀ, ਰੀਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਰਣਦੀਪ ਸਿੰਘ ਹੀਰ ਸਮੇਤ ਹੋਰ ਅਧਿਕਾਰੀਆਂ ਨਾਲ ਵੀਰਵਾਰ ਨੂੰ ਮੀਟਿੰਗ ਕੀਤੀ।
ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਆਟੋ ਰਿਕਸ਼ਿਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਕਿਨਾਰੇ ਕੀਤੇ ਕਬਜ਼ਿਆਂ ਨੂੰ ਹਟਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਵਿੱਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਡੀ.ਸੀ.ਪੀ. (ਟਰੈਫਿਕ) ਵਰਿੰਦਰ ਸਿੰਘ ਬਰਾੜ, ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵਿਧਾਇਕ ਬੱਗਾ ਨੇ ਕਿਹਾ ਕਿ ਜਲੰਧਰ ਬਾਈਪਾਸ, ਸਲੇਮ ਟਾਬਰੀ, ਚੌੜਾ ਬਾਜ਼ਾਰ, ਘੰਟਾ ਘਰ ਦੇ ਨੇੜੇ ਦਾ ਇਲਾਕਾ, ਰੇਲਵੇ ਸਟੇਸ਼ਨ ਰੋਡ ਆਦਿ ਸਮੇਤ ਹੋਰ ਨੇੜੇ ਦੇ ਇਲਾਕਿਆਂ ਵਿੱਚ ਸਵੇਰ ਅਤੇ ਸ਼ਾਮ ਦੌਰਾਨ ਟ੍ਰੈਫਿਕ ਜਾਮ ਦੇਖਣ ਨੂੰ ਮਿਲਦੇ ਹਨ। ਕਿਉਂਕਿ ਜਲੰਧਰ ਬਾਈਪਾਸ (ਪੁਰਾਣੀ ਜੀ.ਟੀ. ਰੋਡ) ਸ਼ਹਿਰ ਵਿੱਚ ਦਾਖ਼ਲ ਹੋਣ ਲਈ ਇੱਕ ਮੁੱਖ ਸੜਕ ਹੈ, ਇਸ ਲਈ ਇਹਨਾਂ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣਾ ਜਰੂਰੀ ਹੈ।
ਇਸੇ ਤਰ੍ਹਾਂ ਘੰਟਾ ਘਰ, ਰੇਲਵੇ ਸਟੇਸ਼ਨ ਆਦਿ ਦੇ ਨੇੜੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਆਟੋ ਰਿਕਸ਼ਾ ਸਮੇਤ ਹੋਰ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕਾਂ ਕਿਨਾਰੇ ਕੀਤੇ ਕਬਜ਼ਿਆਂ ਨੂੰ ਹਟਾਉਣ ਅਤੇ ਧੁੰਦ ਦੇ ਮੌਸਮ ਦੌਰਾਨ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੜਕਾਂ ‘ਤੇ ਚਿੱਟੀਆਂ ਲਾਈਨਾਂ ਦੀ ਨਿਸ਼ਾਨਦੇਹੀ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਿਧਾਇਕ ਬੱਗਾ ਨੇ ਅੱਗੇ ਦੱਸਿਆ ਕਿ ਚਾਂਦ ਸਿਨੇਮਾ ਨੇੜੇ ਬੁੱਢੇ ਨਾਲੇ ‘ਤੇ ਪੁਲ ਦੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਅਤੇ ਦੋਮੋਰੀਆ ਰੇਲਵੇ ਪੁਲ ਫਰਵਰੀ ਤੋਂ ਤਿੰਨ ਮਹੀਨਿਆਂ ਲਈ ਬੰਦ ਰਹਿਣ ਦੀ ਸੰਭਾਵਨਾ ਦੇ ਤਹਿਤ, ਉਨ੍ਹਾਂ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਇਵਰਸ਼ਨ ਯੋਜਨਾਵਾਂ ‘ਤੇ ਵੀ ਚਰਚਾ ਕੀਤੀ। ਦੋਮੋਰੀਆ ਰੇਲਵੇ ਪੁਲ ਅਪਗ੍ਰੇਡੇਸ਼ਨ ਦੇ ਕੰਮਾਂ ਕਾਰਨ ਬੰਦ ਰਹੇਗਾ।ਇਹ ਕੰਮ ਰੇਲਵੇ ਵਿਭਾਗ ਵੱਲੋਂ ਕੀਤਾ ਜਾਣਾ ਹੈ।
ਵਿਧਾਇਕ ਮਦਨ ਲਾਲ ਬੱਗਾ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਪ੍ਰਾਜੈਕਟ ਵਿੱਚ ਵੀ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਵਿਧਾਇਕ ਬੱਗਾ ਨੇ ਕਿਹਾ ਕਿ ਵੱਖ-ਵੱਖ ਤਜਵੀਜ਼ਾਂ/ਯੋਜਨਾਵਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।