ਦੇਰ ਰਾਤ ਲੁਧਿਆਣਾ ਦੇ ਬੱਸ ਸਟੈਂਡ ‘ਤੇ ਕਾਫੀ ਹੰਗਾਮਾ ਹੋਇਆ। ਬੱਸ ਸਟੈਂਡ ਦੇ ਐਂਟਰੀ ਗੇਟ ‘ਤੇ ਸਥਿਤ ਸ਼ਿਵ ਮੰਦਰ ‘ਚ ਸ਼ਰਾਰਤੀ ਅਨਸਰ ਨੇ ਭੰਨਤੋੜ ਕੀਤੀ। ਉਕਤ ਵਿਅਕਤੀ ਨੇ ਭਗਵਾਨ ਗਣੇਸ਼ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ। ਦੋਸ਼ੀ ਨੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਵੀ ਤੋੜ ਦਿੱਤਾ। ਮੰਦਰ ਵਿੱਚ ਹੋ ਰਹੀ ਭੰਨਤੋੜ ਨੂੰ ਦੇਖਦੇ ਹੋਏ ਪਾਰਕਿੰਗ ਠੇਕੇਦਾਰ ਦੇ ਕਰਮਚਾਰੀ ਮੰਦਰ ਦੇ ਨੇੜੇ ਹੀ ਮੌਜੂਦ ਸਨ। ਉਨ੍ਹਾਂ ਨੇ ਤੁਰੰਤ ਉਕਤ ਵਿਅਕਤੀ ਨੂੰ ਫੜ ਲਿਆ। ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ।
ਜਾਣਕਾਰੀ ਦਿੰਦਿਆਂ ਚਸ਼ਮਦੀਦ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਵਿਖੇ ਕਰੀਬ 100 ਸਾਲ ਪੁਰਾਣਾ ਮੰਦਰ ਬਣਿਆ ਹੋਇਆ ਹੈ। ਲੋਕ ਸਵੇਰੇ-ਸ਼ਾਮ ਮੰਦਰ ‘ਚ ਮੱਥਾ ਟੇਕਣ ਲਈ ਆਉਂਦੇ ਹਨ। ਰੋਜ਼ਾਨਾ ਪੂਜਾ ਅਤੇ ਆਰਤੀ ਹੁੰਦੀ ਹੈ। ਇੱਕ ਵਿਅਕਤੀ ਅਚਾਨਕ ਮੰਦਰ ਵਿੱਚ ਦਾਖਲ ਹੋਇਆ।
ਲੋਕਾਂ ਨੇ ਸੋਚਿਆ ਕਿ ਸ਼ਾਇਦ ਕੋਈ ਮੱਥਾ ਟੇਕਣ ਆਇਆ ਹੈ। ਅਚਾਨਕ ਉਸ ਵਿਅਕਤੀ ਨੇ ਮੰਦਰ ਵਿੱਚ ਬਣੀਆਂ ਮੂਰਤੀਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਸ ਵਿਅਕਤੀ ਨੇ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਤੋੜ ਦਿੱਤੀ। ਇਸ ਤੋਂ ਬਾਅਦ ਉਸ ਨੇ ਤੁਰੰਤ ਸ਼ਿਵਲਿੰਗ ਨੂੰ ਵੀ ਤੋੜ ਦਿੱਤਾ। ਇਸ ਦੌਰਾਨ ਮੁਲਜ਼ਮ ਨੂੰ ਪਾਰਕਿੰਗ ਵਿੱਚ ਮੌਜੂਦ ਕਰਮਚਾਰੀਆਂ ਨੇ ਦਬੋਚ ਲਿਆ।
ਲੋਕਾਂ ਨੇ ਉਸ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਪੁਲਿਸ ਚੌਕੀ ਬੱਸ ਸਟੈਂਡ ਦੀ ਪੁਲਿਸ ਮੌਕੇ ’ਤੇ ਪੁੱਜੀ। ਜਿਸ ਨੇ ਤੁਰੰਤ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਸ਼ਿਵ ਸੈਨਾ ਪੰਜਾਬ ਦੇ ਆਗੂ ਰਾਜੀਵ ਟੰਡਨ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਕਿਹਾ ਕਿ ਬੁੱਧਵਾਰ ਨੂੰ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਸ਼ਰਾਰਤੀ ਅਨਸਰਾਂ ਖਿਲਾਫ ਵੱਡੇ ਸੰਘਰਸ਼ ਦੀ ਰਣਨੀਤੀ ਬਣਾਉਣਗੇ।
ਇਸ ਮਾਮਲੇ ਵਿੱਚ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਮੌਕੇ ‘ਤੇ ਪੁੱਜੇ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਆਸਪਾਸ ਦੇ ਲੋਕਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦਾ ਨਾਂ ਹਿਰਦੇਸ਼ ਭਾਰਤੀ ਹੈ। ਹਿਰਦੇਸ਼ ਜਵੱਦੀ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।