ਲੁਧਿਆਣਾ, 24 ਜੁਲਾਈ : ਪੈਰਾ ਕਰਾਟੇ ’ਚ ਪੰਜਾਬ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅੰਤਰ ਰਾਸ਼ਟਰੀ ਪੱਧਰ ’ਤੇ 18 ਸੋਨ ਤਮਗੇ ਤੇ ਹੋਰ ਤਮਗੇ ਜਿੱਤਣ ਵਾਲਾ ਖੰਨਾ ਦੇ ਰਹਿਣ ਵਾਲੇ ਖ਼ਿਡਾਰੀ ਤਰੁਣ ਸ਼ਰਮਾ ਨੇ ਡੀਸੀ ਦਫ਼ਤਰ ਦੇ ਬਾਹਰ ਬੂਟ ਪਾਲਸ਼ ਕਰਕੇ ਵਿਰੋਧ ਕੀਤਾ। ਤਰੁਣ ਨੇ ਦੱਸਿਆ ਕਿ ਸਰਕਾਰੀ ਵਿਭਾਗ ’ਚ ਨੌਕਰੀ ਦੀ ਆਫਰ ਮਿਲਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ। ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਨ ਤੋਂ ਬਾਅਦ ਵੀ ਤਰੁਣ ਘਰ ਦਾ ਖਰਚਾ ਚਲਾਉਣ ਲਈ ਸਬਜ਼ੀ ਵੇਚ ਰਿਹਾ ਹੈ। ਖੇਡਾਂ ਲਈ ਵਿਭਾਗ ਨੇ ਪੈਸੇ ਨਹੀਂ ਦਿੱਤੇ ਤਾਂ ਆਪਣੇ ਵੱਲੋਂ ਕਰਜ਼ਾ ਚੁੱਕ ਕੇ ਉਹ ਵਿਦੇਸ਼ਾਂ ’ਚ ਖੇਡਣ ਗਿਆ, ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਹ ਕਰਜ਼ਾਈ ਹੋ ਗਿਆ। ਇਸ ਦੌਰਾਨ ਕੁਝ ਸਾਲ ਪਹਿਲਾਂ ਪਿਤਾ ਦੀ ਮੌਤ ਹੋ ਗਈ। ਸਰਕਾਰਾਂ ਨੇ ਪੈਸੇ ਨਹੀਂ ਦਿੱਤੇ, ਪਰ ਪੰਜਾਬੀ ਗਾਇਕ ਕਰਨ ਔਜਲਾ ਨੇ ਚਾਰ ਦਿਨ ਪਹਿਲਾਂ ਤਰੁਣ ਸ਼ਰਮਾ ਦੇ ਬਾਰੇ ਪੜ੍ਹ ਕੇ ਉਸ ਨਾਲ ਸੰਪਰਕ ਕੀਤਾ। ਉਸਦਾ 9 ਲੱਖ ਦਾ ਕਰਜ਼ਾ ਅਦਾ ਕੀਤਾ ਤਾਂ ਕਿ ਉਹ ਅੱਗੇ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ। ਸ਼ੋਸ਼ਲ ਵਰਕਰ ਕੁਮਾਰ ਗੌਰਵ ਸੱਚਾ ਯਾਦਵ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹ ਵੀ ਬੁੱਧਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਇਸ ਚੰਗੇ ਖਿਡਾਰੀ ਨੂੰ ਲੈ ਕੇ ਪੁੱਜ ਗਏ ਤੇ ਪ੍ਰਦਰਸ਼ਨ ਕਰ ਡੀਸੀ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਉਸਦੀ ਬਣਦੀ ਨੌਕਰੀ ਉਸਨੂੰ ਮਿਲ ਸਕੇ। ਤਰੁਣ ਸ਼ਰਮਾ ਨੇ ਦੱਸਿਆ ਕਿ ਉਹ 6 ਸਾਲ ਦਾ ਸੀ, ਜਦੋਂ ਉਸਨੂੰ ਬੁਖਾਰ ਚੜ੍ਹ ਗਿਆ ਸੀ। ਬੁਖਾਰ ਦਿਮਾਗ ’ਤੇ ਚੜ੍ਹ ਜਾਣ ਕਾਰਨ ਉਸਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ। ਪੈਰਾ ਕਰਾਟੇ ਦੀ ਖੇਡ ’ਚ ਪਿਤਾ ਰਾਮ ਮੂਰਤੀ ਸ਼ਰਮਾ ਨੇ ਉਸਨੂੰ ਪਾ ਦਿੱਤਾ। ਖੇਡ ਕਾਫ਼ੀ ਚੰਗੀ ਖੇਡਿਆ ਤੇ ਸਰੀਰ ਦਾ ਰੁਕਿਆ ਹਿੱਸਾ ਵੀ 50 ਫੀਸਦੀ ਚੱਲ ਪਿਆ। ਤਰੁਣ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦਾ ਇਕਲੌਤਾ ਪੈਰਾ ਕਰਾਟੇ ਦਾ ਖਿਡਾਰੀ ਹੈ। ਉਸਨੇ ਵਿਦੇਸ਼ਾਂ ’ਚ ਜਾ ਕੇ ਦੇਸ਼ ਅਤੇ ਪੰਜਾਬ ਲਈ 18 ਸੋਨ ਤਮਗਿਆਂ ਦੇ ਨਾਲ ਨਾਲ ਹੋਰ ਕਈ ਤਮਗੇ ਜਿੱਤੇ ਹਨ। ਜਦੋਂ ਵਿਭਾਗ ਵੱਲੋਂ ਜਾਂ ਫਿਰ ੳਸਦੇ ਕੋਲ ਪੇਸੇ ਨਹੀਂ ਹੁੰਦੇ ਤਾਂ ਉਸਨੇ ਪਿਤਾ ਕਰਜ਼ਾ ਚੁੱਕ ਕੇ ਵੀ ਉਸਨੂੰ ਵਿਦੇਸ਼ ’ਚ ਖੇਡਾਂ ਲਈ ਭੇਜਦੇ ਸਨ ਤਾਂ ਕਿ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕੇ ਤੇ ਉਸਨੇ ਆਪਣੀ ਮਿਹਨਤ ਨਾਲ ਪਿਤਾ ਦਾ ਸੁਪਤਾ ਪੂਰਾ ਵੀ ਕੀਤਾ, ਪਰ ਇਸ ਦੌਰਾਨ ਉਸਦੇ ਸਿਰ ’ਤੇ 12 ਲੱਖ ਦਾ ਕਰਜ਼ਾ ਚੜ੍ਹ ਗਿਆ। ਪਿਛਲੀਂਆਂ ਸਰਕਾਰਾਂ ਦੇ ਵੱਲੋਂ ਉਸਨੂੰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਗਿਆ, ਪਰ ਨੌਕਰੀ ਨਹੀਂ ਮਿਲੀ। ਉਸ ਸਮੇਂ ਸਾਬਕਾ ਮੰਤਰੀ ਮੀਤ ਹੇਅਰ ਵਿਧਾਇਕ ਸਨ ਤੇ ਉਨਹਾਂ 18 ਖਿਡਾਰੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ ਤੇ ਉਨ੍ਹਾਂ ਦੇ ਲਈ ਸਰਕਾਰੀ ਨੌਕਰੀ ਮੰਗੀ ਸੀ।ਪ੍ਰਦਰਸ਼ਨ ਦੌਰਾਨ ਉਨ੍ਹਾਂ ’ਤੇ ਲਾਠੀਚਾਰਜ ਵੀ ਹੋਇਆ ਸੀ, ਪਰ ਨੌਕਰੀ ਫਿਰ ਵੀ ਨਹੀਂ ਮਿਲੀ। ਉਸ ਸਮੇਂ ਮੀਤ ਹੇਅਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਨੂੰ ਜ਼ਰੂਰ ਨੌਕਰੀ ਦਿੱਤੀ ਜਾਵੇਗੀ। ਪਰ ਅੱਜ ਢਾਈ ਸਾਲ ਬੀਤ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਪਰ ਕੁਝ ਨਹੀਂ ਹੋਇਆ। ਮੌਜੂਦਾ ਸਰਕਾਰ ਨੇ 2 ਵਾਰ ਸਰਕਾਰੀ ਸਪੋਰਟਸ ਵਿਭਾਗ ’ਚ ਨੌਕਰੀ ਦੀ ਆਫ਼ਰ ਭੇਜੀ, ਪਰ ਨੌਕਰੀ ਜੁਆਇਨ ਨਹੀਂ ਕਰਵਾਈ ਗਈ। ਇਸ ਦੌਰਾਨ ਪਿਤਾ ਦੀ ਵੀ ਕਰਜ਼ੇ ਕਾਰਨ ਮੌਤ ਹੋ ਗਈ। ਤਰੁਣ ਨੇ ਦੱਸਿਆ ਕਿ ਉਸਦਾ ਕੁਝ ਕਰਜ਼ਾ ਪਿਤਾ ਨੇ ਉਤਾਰ ਦਿੱਤਾ ਸੀ ਤੇ ਕੁਝ ਉਸਨੇ ਸਬਜ਼ੀ ਵੇਚ ਕੇ ਕਮਾਏ ਪੈਸਿਆਂ ਨਾਲ ਉਤਾਰਿਆ। ਹੁਣ ਚਾਰ ਦਿਨ ਪਹਿਲਾਂ ਪੰਜਾਬੀ ਗਾਇਬ ਕਰਨ ਔਜਲਾ ਨੇ ਫੋਨ ’ਤੇ ਉਸ ਨਾਲ ਗੱਲ ਕੀਤੀ ਤੇ ਪੂਰੀ ਗੱਲ ਸੁਣਨ ਤੋਂ ਬਾਅਦ ਉਸਦਾ ਬਾਕੀ ਬਚਿਆ ਕਰਜ਼ਾ ਉਤਾਰ ਦਿੱਤਾ। ਉਹ ਪਿਛਲੀਂਆਂ ਸਰਕਾਰਾਂ ’ਚ ਵੀ ਮੁੱਖ ਮੰਤਰੀ ਨੂੰ ਮਿਲੇ ਸਨ ਅਤੇ ਮੌਜੂਦਾ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰ ਚੁੱਕਿਆ ਹੈ। ਪਰ ਅਫ਼ਸੋਸ ਚਿੱਠੀ ਦਾ ਆ ਜਾਂਦੀ ਹੈ, ਪਰ ਨੌਕਰੀ ਜੁਆਇਨ ਨਹੀਂ ਕਰਵਾਈ ਜਾਂਦੀ। ਇੰਟਰਵਿਊ ਲਈ ਆਖਿਆ ਜਾਂਦਾ ਹੈ, ਪਰ ਲਿਆ ਨਹੀਂ ਜਾਂਦਾ। ਤਰੁਣ ਨੇ ਕਿਹਾ ਕਿ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਖਿਡਾਰੀ ਦੇਸ਼ ਲਈ ਜਾਨ ਲਾ ਕੇ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ, ਉਸਨੂੰ ਨੌਕਰੀ ਜਾਂ ਫਿਰ ਉਸਦਾ ਕਰਜ਼ਾ ਉਤਾਰਿਆ ਜਾਵੇ, ਪਰ ਉਹ ਕੰਮ ਗਾਇਕ ਕਰਨ ਔਜਲਾ ਨੇ ਕੀਤਾ ਹੈ। ਹੁਣ ਸ਼ੋਸ਼ਲ ਵਰਕਰ ਕੁਮਾਰ ਗੌਰਵ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਹ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਲਾਅਰੇ ’ਚ ਨਾ ਰੱਖਿਆ ਜਾਵੇ ਤੇ ਉਸਦਾ ਬਣਦਾ ਸਨਮਾਨ ਤੇ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ। ਤਰੁਣ ਨੇ ਕਿਹਾ ਕਿ ਜੋ ਹਾਲ ਉਸਦਾ ਹੋ ਰਿਹਾ ਹੈ, ਉਹ ਪ੍ਰੇਸ਼ਾਨ ਹੋ ਚੁੱਕਿਆ ਹੈ ਤੇ ਅਜਿਹਾ ਲੱਗਦਾ ਹੈ ਕਿ ਅੱਗੇ ਤੋਂ ਕੋਈ ਵੀ ਨੌਜਵਾਨ ਖੇਡਾਂ ’ਚ ਖੇਡ ਨਹੀਂ ਸਕੇਗਾ। ਸਰਕਾਰ ਨੂੰ ਸਿਰਫ਼ ਇਨ੍ਹਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਉਸਦਾ ਅਤੇ ਉਸਦੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ।