ਫਰੀਦਕੋਟ: 15 ਸਤੰਬਰ – ਜ਼ਿਲਾ ਫਰੀਦਕੋਟ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ਤੇ ਲਿਆਉਣ ਲਈ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਵਧੇਰੇ ਘਟਨਾਵਾਂ ਵਾਲੇ ( ਹਾਟ ਸਪਾਟ) ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲਾ ਫਰੀਦਕੋਟ ਵਿੱਚ 30 ਅਜਿਹੇ ਪਿੰਡ ,ਜਿੰਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ 20 ਜਾਂ 20 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈ ਸਨ, ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ
ਉਨਾਂ ਦੱਸਿਆ 10 ਅਜਿਹੇ ਪਿੰਡਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪ੍ਰਸ਼ਾਸ਼ਨਿਕ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚ ਕੇ ਕਿਸਾਨਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ ਤਾਂ ਜੋ ਉਸ ਮੁਤਾਬਿਕ ਵਿਉਂਤਬੰਦੀ ਕੀਤੀ ਜਾ ਸਕੇ।ਉਨਾਂ ਦੱਸਿਆ ਕਿ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮਿਤੀ 16 ਸਤੰਬਰ 2024 ਨੂੰ ਪੱਕਾ ਅਤੇ ਰੋੜੀ ਕਪੂਰਾ ਮਿਤੀ 17 ਸਤੰਬਰ ਨੂੰ ਜੈਤੋ ਅਤੇ ਕੋਟਕਪੂਰਾ ਮਿਤੀ 18 ਸਤੰਬਰ ਨੂੰ ਡੋਡ ਅਤੇ ਬਿਸ਼ਨੰਦੀ ਅਤੇ 19 ਸਤੰਬਰ ਨੂੰ ਗੋਲੇਵਾਲ ਪਿੰਡਾਂ ਵਿੱਚ ਸਵੇਰੇ 10 ਵਜੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਦੇ ਕਾਗਜ਼ਾਤ ਦਰੁਸਤ ਪਾਏ ਗਏ ਹਨ, ਉਨਾਂ ਨੂੰ 465 ਖੇਤੀ ਮਸ਼ੀਨਾਂ ਖ੍ਰੀਦਣ ਲਈ ਮਨਜ਼ੂਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ।ਉਨਾਂ ਮਨਜ਼ੂਰੀ ਪੱਤਰ ਪ੍ਰਾਪਤ ਕਰ ਚੁੱਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਲਦ ਤੋਂ ਜਲਦ ਖੇਤੀ ਮਸ਼ੀਨਰੀ ਖ੍ਰੀਦ ਲਈ ਜਾਵੇ ਤਾਂ ਜੋ ਭੋਤਿਕੀ ਤਸਦੀਕ ਕਰਨ ਉਪਰੰਤ ਸਬਸਿਡੀ ਦੀ ਰਕਮ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਈ ਜਾ ਸਕੇ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਸਕੀਮ ਤਹਿਤ ਸਬਸਿਡੀ ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਆਨਲਾਈਨ ਪੋਰਟਲ ਦੁਬਾਰਾ ਖੋਲ ਦਿੱਤਾ ਗਿਆ ਹੈ ।ਉਨਾਂ ਦੱਸਿਆ ਕਿ ਉਹ ਕਿਸਾਨ ਜਿੰਨਾਂ ਅਜੇ ਤੱਕ ਅਰਜੀਆਂ ਨਹੀਂ ਦਿੱਤੀਆਂ,ਉਹ 19 ਸਤੰਬਰ ਨੂੰ ਸ਼ਾਮ 5 ਵਜੇ ਤੱਕ ਆਨਲਾਈਨ ਪੋਰਟ ਤੇ ਅਰਜੀਆਂ ਜਮਾਂ ਕਰਵਾ ਸਕਦੇ ਹਨ।ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਨਿੱਜੀ ਕਿਸਾਨ (50% ਸਬਸਿਡੀ) ਅਤੇ ਕਸਟਮ ਹਾਇਰਿੰਗ ਸੈਂਟਰ (80% ਸਬਸਿਡੀ) ਜਿਵੇਂ ਕਿ ਪੰਚਾਇਤ, ਕਿਸਾਨ ਉਤਪਾਦਕ ਸੰਗਠਨ, ਰਜਿਸਟਰਡ ਫਾਰਮਰ ਗਰੁੱਪ,ਅਤੇ ਸਹਿਕਾਰੀ ਸਭਾ ਬਿਨੈਪੱਤਰ ਦੇ ਸਕਦੇ ਹਨ।
ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ), ਸੁਪਰ ਐਸ.ਐਮ.ਐਸ, ਹੈਪੀ ਸੀਡਰ, ਸਮਾਰਟ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਰੋਟਰੀ ਸਲੈਸ਼ਰ, ਉਲਟਾਵੇਂ ਹਲ, ਜੀਰੋ ਟਿਲ ਡਰਿਲ, ਸੁਪਰ ਸੀਡਰ, ਸਰਫੇਸ ਸੀਡਰ, ਬੇਲਰ, ਰੇਕ ਅਤੇ ਕਰਾਪ ਰੀਪਰ ਉਪਰ ਸਬਸਿਡੀ ਲਈ ਅਪਲਾਈ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਫਰੀਦਕੋਟ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ / ਵਿਸਥਾਰ ਅਫਸਰ ਨਾਲ ਸੰਪਰਕ ਕਰ ਸਕਦੇ ਹਨ ।