ਪੰਜਾਬ ਦੇ ਲੁਧਿਆਣਾ ‘ਚ ਮਾਂ-ਪੁੱਤ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ ‘ਚ ਪਈਆਂ ਮਿਲੀਆਂ ਹਨ। ਇਲਾਕੇ ‘ਚ ਬਦਬੂ ਫੈਲਣ ਕਾਰਨ ਆਸਪਾਸ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੇ ਪੁਲੀਸ ਮੁਲਾਜ਼ਮ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ।
ਪੁਲੀਸ ਮੁਲਾਜ਼ਮਾਂ ਨੂੰ ਮੰਜੇ ’ਤੇ ਬੁਰੀ ਹਾਲਤ ਵਿੱਚ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਨਾਂ ਸੋਨੀਆ ਹੈ ਅਤੇ ਉਸ ਦੇ ਬੇਟੇ ਦਾ ਨਾਂ ਕਾਰਤਿਕ ਹੈ। ਦੋਵਾਂ ਦੇ ਸਿਰਾਂ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।
ਜਾਣਕਾਰੀ ਮੁਤਾਬਕ ਔਰਤ ਸੋਨੀਆ ਕਰੀਬ 4 ਸਾਲ ਪਹਿਲਾਂ ਪ੍ਰੇਮ ਵਿਹਾਰ ‘ਚ ਰਹਿਣ ਆਈ ਸੀ। ਔਰਤ ਇੱਥੇ ਆਪਣੇ ਬੇਟੇ ਨਾਲ ਰਹਿੰਦੀ ਸੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਔਰਤ ਦਾ ਆਪਣੇ ਪਹਿਲੇ ਪਤੀ ਤੋਂ ਤਲਾਕ ਹੋ ਚੁੱਕਾ ਸੀ। ਕੁਝ ਸਮਾਂ ਪਹਿਲਾਂ ਉਹ ਕਿਸੇ ਹੋਰ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਉਹ ਵਿਅਕਤੀ ਕਈ ਵਾਰ ਔਰਤ ਦੇ ਘਰ ਆਉਂਦਾ ਜਾਂਦਾ ਸੀ। ਅੱਜ ਜਦੋਂ ਪੁਲੀਸ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਘਟਨਾ ਵਾਲੀ ਥਾਂ ’ਤੇ ਪੁੱਜੇ ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ।