ਸਿਵਲ ਵਰਕ 100 ਫੀਸਦੀ ਹੋਇਆ ਪੂਰਾ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕੀਤਾ ਦੌਰਾ
ਦਿ ਸਿਟੀ ਹੈਡਲਾਈਨ
ਲੁਧਿਆਣਾ, 19 ਜੁਲਾਈ
ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.), ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.), ਲੋਕ ਨਿਰਮਾਣ ਵਿਭਾਗ ਅਤੇ ਇੰਡੀਅਨ ਏਅਰ ਫੋਰਸ ਦੇ ਠੇਕੇਦਾਰਾਂ, ਸਥਾਨਕ ਪ੍ਰਸ਼ਾਸਨ ਸਣੇ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਨਾਲ ਨੇ ਸ਼ੁੱਕਰਵਾਰ ਨੂੰ ਹਲਵਾਰਾ ਵਿਖੇ ਉਸਾਰੀ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਟਰਮੀਨਲ, ਪਖਾਨੇ, ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ), ਬਾਗਬਾਨੀ, ਰਨਵੇਅ, ਟੈਕਸੀਵੇਅ, ਸੁਰੱਖਿਆ ਪ੍ਰਬੰਧਾਂ ਅਤੇ ਐਨਾਉਂਸਮੈਂਟ ਵਿਵਸਥਾ ਸਣੇ ਹਰ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੁਕੰਮਲ ਹੋਏ ਕੰਮ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਫਿਨਿਸ਼ਿੰਗ ਦਾ ਕੰਮ ਮਿਲ ਕੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਟਰਮੀਨਲ ’ਤੇ ਲਗਾਏ ਗਏ ਏਅਰ ਕੰਡੀਸ਼ਨਿੰਗ ਸਿਸਟਮ ਦੀ ਟੈਸਟਿੰਗ ਕੀਤੀ ਗਈ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿ ਹੁਣ ਹਵਾਈ ਅੱਡੇ ਦੇ ਸਿਵਲ ਸਾਈਡ ਦਾ ਲਗਭਗ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਇੰਡੀਅਨ ਏਅਰ ਫੋਰਸ ਵਾਲੇ ਪਾਸੇ ਕੁਝ ਕੰਮ ਬਾਕੀ ਹੈ, ਜਿਸ ਨੂੰ ਇੱਕ ਮਹੀਨੇ ਦੇ ਅੰਦਰ ਪੂਰਾ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਲਈ ਦਿੱਲੀ ਦੀਆਂ ਸਾਰੀਆਂ ਏਅਰਲਾਈਨਾਂ ਦੇ ਸੀਈਓਜ਼ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਾਰੀਆਂ ਏਅਰਲਾਈਨਾਂ ਦੇ ਸੀਈਓ ਨੂੰ ਦੋ ਵਾਰ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਏਅਰਲਾਈਨਾਂ ਦੇ ਸੀਈਓ ਨੂੰ ਕਿਹਾ ਹੈ ਕਿ ਉਹ ਹਵਾਈ ਅੱਡੇ ’ਤੇ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨ। ਹੁਣ ਸਾਰੇ ਕੰਮ ਪੂਰੇ ਕਰਨ ਦਾ ਸਹੀ ਸਮਾਂ ਹੈ। ਅਰੋੜਾ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਹਵਾਈ ਅੱਡਾ ਚਾਲੂ ਹੋ ਜਾਵੇਗਾ। ਇਸ ਲਈ ਹਵਾਈ ਅੱਡੇ ਦਾ ਉਦਘਾਟਨ ਲੁਧਿਆਣਾ ਅਤੇ ਸਣੇ ਮਾਲਵਾ ਖੇਤਰ ਦੇ ਲੋਕਾਂ ਲਈ ਕਿਸੇ ਦੀਵਾਲੀ ਤੋਹਫ਼ੇ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਹਵਾਈ ਅੱਡੇ ਨੂੰ ਚਲਾਉਣ ਲਈ ਜਲਦੀ ਹੀ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਹਨ। ਉਨ੍ਹਾਂ ਮੰਨਿਆ ਕਿ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕੁਝ ਦੇਰੀ ਹੋਈ ਹੈ ਅਤੇ ਏਏਆਈ ਅਤੇ ਆਈਏਐਫ ਤੋਂ ਕੁਝ ਮਨਜ਼ੂਰੀਆਂ ਮਿਲਣ ਵਿੱਚ ਦੇਰੀ ਕਾਰਨ ਅਜਿਹਾ ਹੋਇਆ ਹੈ। ਅਰੋੜਾ ਨੇ ਦੱਸਿਆ ਕਿ ਹਵਾਈ ਅੱਡਾ 161.28 ਏਕੜ ਰਕਬੇ ਵਿੱਚ ਬਣਾਇਆ ਜਾ ਰਿਹਾ ਹੈ।