ਲੁਧਿਆਣਾ, 2 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਤੋਂ ‘ਵੇਕ ਅੱਪ ਲੁਧਿਆਣਾ’ ਮੁਹਿੰਮ ਤਹਿਤ ‘ਗਰੀਨ ਟਰਾਂਸਪੋਰਟੇਸ਼ਨ’ ਜਾਗਰੂਕਤਾ ਰਾਈਡ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਪਹਿਲਕਦਮੀ ਦੇ ਤਹਿਤ, ਦੋ ਰਾਈਡਰ – ਗੋਲਡੀ ਅਤੇ ਡੋਰਗੇ ਸ਼ੇਰਪਾ ਹਰੀ ਆਵਾਜਾਈ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ, 18,383 ਫੁੱਟ ‘ਤੇ ਸਥਿਤ ਖਾਰਦੁੰਗਲਾ ਪਾਸ ਤੱਕ ਮਾਊਂਟੇਨੀਅਰਿੰਗ ਬਾਈਕਸ (ਏਵਨ ਸਾਈਕਲ ਦੁਆਰਾ ਸਪਾਂਸਰ ਕੀਤੇ) ਦੀ ਸਵਾਰੀ ਕਰਨਗੇ।
ਇਸ ਜਾਗਰੂਕਤਾ ਰਾਈਡ ਨੂੰ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਐਵਨ ਸਾਈਕਲਜ਼ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਮਨਦੀਪ ਪਾਹਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘ਗਰੀਨ ਟਰਾਂਸਪੋਰਟੇਸ਼ਨ’ ਜਾਗਰੂਕਤਾ ਰਾਈਡ ਦੇ ਰੂਟ ਵਿੱਚ ਜ਼ੋਜਿਲਾ (11,649 ਫੁੱਟ), ਨਾਮਕੀ ਲਾ (12,198 ਫੁੱਟ), ਫੋਟੂ ਲਾ (13,479 ਫੁੱਟ), ਖਾਰਦੁੰਗ ਲਾ (17,582 ਫੁੱਟ), ਤਾਂਗ ਲੈਂਗ ਲਾ (17,480 ਫੁੱਟ), ਲਾਚੁੰਗ ਲਾ (16,600 ਫੁੱਟ), ਨਕੀਲਾ (15,647 ਫੁੱਟ), ਅਤੇ ਖਾਰਦੁੰਗਲਾ (18,383 ਫੁੱਟ) ਸਮੇਤ ਉੱਚੇ ਰਸਤੇ ਸ਼ਾਮਲ ਹਨ।
ਆਪਣੇ ਇੱਕ ਮਹੀਨੇ ਦੇ ਅਭਿਆਨ ਦੌਰਾਨ, ਇਹ ਦੋ ਰਾਈਡਰ ਵਾਤਾਵਰਣ ਦੀ ਸੰਭਾਲ ਬਾਰੇ ਗੱਲ ਕਰਨਗੇ ਅਤੇ ਗ੍ਰੀਨ ਟਰਾਂਸਪੋਰਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਕੁਦਰਤ ਅਤੇ ਸਿਹਤ ਦੋਵਾਂ ਲਈ ਵਧੀਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਜੁਲਾਈ ਨੂੰ ਇੱਕ ‘ਟ੍ਰੀ ਏ.ਟੀ.ਐਮ’ ਵੀ ਲਾਂਚ ਕੀਤਾ ਜਾਵੇਗਾ, ਜਿਸ ਦੀ ਮਦਦ ਨਾਲ ਕੋਈ ਵੀ ਸੰਸਥਾ/ਵਾਸੀ ਆਪਣੀ ਸਬੰਧਤ ਸਾਈਟ ‘ਤੇ ਮੁਫ਼ਤ ਰੁੱਖ ਲਗਾਉਣ ਲਈ ਬੇਨਤੀ ਕਰ ਸਕਦੇ ਹਨ। ਸਿਟੀ ਨੀਡਜ਼ ਅਤੇ ਮਾਰਸ਼ਲ ਏਡ ਟੀਮ ਮੁਫ਼ਤ ਰੁੱਖ ਲਗਾਉਣ ਲਈ ਸਾਈਟ ਤੇ ਜਾਵੇਗੀ।