ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਨਾਂਅ ਦਿੱਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦੀ ਤਜਵੀਜ਼ ਰੱਖੀ । ਇਹ ਪਿਛਲੀ ਵਾਰ ਤੋਂ 15 ਫੀਸਦੀ ਜ਼ਿਆਦਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਲਈ 979 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ। ਮੈਗਾ ਸਪੋਰਟਸ ‘ਖੇਡਦਾ ਪੰਜਾਬ ਬਦਲਦਾ ਪੰਜਾਬ’ ਸਕੀਮ ਲਾਂਚ ਕੀਤੀ ਜਾਵੇਗੀ। ਪੰਜਾਬ ਭਰ ‘ਚ 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ ਤੇ ਹਰ ਪਿੰਡ ‘ਚ ਖੇਡ ਦੇ ਮੈਦਾਨ ਤੇ ਜਿੰਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ‘ਬਦਲਦੇ ਪਿੰਡ ਬਦਲਦਾ ਪੰਜਾਬ’ ਮੁਹਿੰਮ ਲਾਗੂ ਕੀਤੀ ਜਾਵੇਗੀ। ਪਿੰਡਾਂ ਲਈ 3500 ਕਰੋੜ ਰੁਪਏ ਦਾ ਰੱਖਿਆ ਗਿਆ ਬਜਟ ਜਿਸ ਤਹਿਤ ਪਿੰਡ ਦੇ ਛੱਪੜਾਂ ਦੀ ਸਫ਼ਾਈ, ਸੀਵਰੇਜ ਟ੍ਰੀਟਮੈਂਟ, ਖੇਡ ਦੇ ਮੈਦਾਨਾਂ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ ਵਿਚ ਸਟਰੀਟ ਲਾਈਟਾਂ ਲਗਾਉਣਾ ਵੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਪੇਂਡੂ ਸੜਕਾਂ ਨੂੰ ਬਿਹਤਰ ਬਣਾਉਣ ਲਈ 2,873 ਕਰੋੜ ਰੁਪਏ ਖਰਚੇ ਜਾਣਗੇ।
ਚੀਮਾ ਨੇ ਕਿਹਾ ਕਿ ਵਿਕਾਸ ਦਰ ‘ਚ ਮੌਜੂਦਾ ਸਾਲ ‘ਚ 9% ਦਰ ‘ਤੇ ਪ੍ਰਭਾਵਸ਼ਾਲੀ ਵਾਧਾ ਹੋਇਆ ਹੈ। GSDP ਚਾਲੂ ਕੀਮਤਾਂ ‘ਤੇ 8,09, 538 ਕਰੋੜ ਤੱਕ ਪਹੁੰਚਿਆ ਹੈ ਤੇ ਸਾਲ 2025-26 ‘ਚ GSDP 10% ਵਧਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ CM ਮਾਨ ਦੀ ਅਗਵਾਈ ‘ਚ ਪਿਛਲੇ 3 ਸਾਲਾਂ ਤੋਂ ਪੰਜਾਬ ਤਰੱਕੀ ਦੇ ਰਾਹ ‘ਤੇ ਹੈ। ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਮੁਆਫ਼ ਕੀਤਾ ਗਿਆ ਹੈ। ਸਿੰਗਾਪੁਰ ਤੇ ਫਿਨਲੈਂਡ ‘ਚ ਟੀਚਰਾਂ ਦੀ ਟ੍ਰੇਨਿੰਗ ਕਰਵਾਈ ਗਈ। 118 ਸਕੂਲ ਆਫ਼ ਐਮੀਨੈਂਸ ਬਣਵਾਏ ਗਏ।
BSF ਦੇ ਨਾਲ ਸਰਹੱਦ ‘ਤੇ ਤਾਇਨਾਤ 5,000 ਹੋਮਗਾਰਡ ਕੀਤੇ ਜਾਣਗੇ। ਸਰਹੱਦ ‘ਤੇ ਐਂਟੀ-ਡ੍ਰੋਨ ਪ੍ਰਣਾਲੀਆਂ ਤਾਇਨਾਤ ਕਰਨ ਸਣੇ ਨਸ਼ਾ ਰੋਕਣ ਲਈ 110 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।