ਲੁਧਿਆਣਾ, 29 ਜੂਨ। ਤਿੰਨ ਸਾਲ ਪਹਿਲਾਂ ਸਿਰਫ 430 ਗ੍ਰਾਮ ਵਜਨ ਨਾਲ ਪੈਦਾ ਹੋਏ ਪ੍ਰੀ-ਮਿਚਿਓਰ ਬੱਚੇ ਗੁਰਸਹਿਜ ਸਿੰਘ ਨੇ ਕਲੀਓ ਮਦਰ ਐਂਡ ਚਾਈਲਡ ਕੇਅਰ ਇੰਸਟੀਚਿਊਟ ਵਿਖੇ ਆਪਣਾ ਤੀਜਾ ਜਨਮ ਦਿਨ ਮਨਾਇਆ। ਹਸਪਤਾਲ ਨੇ ਇਸਨੂੰ ਆਪਣੀ ਵੱਡੀ ਉਪਲੱਬਧੀ ਮੰਨਦੇ ਹੋਏ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।
ਖਤਰੇ ਨਾਲ ਭਰੀ ਇਸ ਡਿਲੀਵਰੀ ਨੂੰ ਅੰਜਾਮ ਦੇਣ ਵਾਲੀ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਵੀਨਸ ਬਾਂਸਲ ਨੇ ਦੱਸਿਆ ਕਿ ਫਾਜਿਲਕਾ ਨਿਵਾਸੀ 30 ਸਾਲ ਦੀ ਸੁਨੀਤਾ ਪਤਨੀ ਲਛਮਣ ਸਿੰਘ ਜਦੋਂ ਉਹਨਾਂ ਦੇ ਕੋਲ ਆਈ ਤਾਂ ਉਸਦੇ ਗਰਭ ਵਿੱਚ ਜੁੜਵਾਂ ਬੱਚੇ ਸਨ। 23.5 ਹਫਤਿਆਂ (6 ਮਹੀਨੇ) ਵਿੱਚ ਹੀ ਉਸਦੀ ਡਿਲੀਵਰੀ ਕਰਾਉਣੀ ਪਈ, ਕਿਓੰਕਿ ਉਸਦੇ ਜੁੜਵਾਂ ਬੱਚਿਆਂ ਵਿੱਚੋਂ ਇੱਕ ਦੀ ਗਰਭ ਵਿੱਚ ਹੀ ਮੌਤ ਹੋ ਚੁੱਕੀ ਸੀ। ਇਸ ਲਈ ਰਿਸਕ ਲੈ ਕੇ ਸਾਵਧਾਨੀ ਨਾਲ ਉਸਦੀ ਨਾਰਮਲ ਡਿਲੀਵਰੀ ਕਰਾਈ ਗਈ। ਉਹਨਾਂ ਕਿਹਾ ਕਿ ਆਮ ਤੌਰ ਤੇ ਪੈਦਾ ਹੋਣ ਵਾਲੇ ਬੱਚੇ ਦਾ ਵਜਨ ਢਾਈ ਤੋਂ ਸਾਢੇ 3 ਕਿਲੋ ਤੱਕ ਹੁੰਦਾ ਹੈ, ਪਰੰਤੁ ਇਹਨਾਂ ਦੋਵਾਂ ਵਿੱਚੋਂ ਜੀਵਤ ਬੱਚੇ ਦਾ ਵਜਨ ਸਿਰਫ 430 ਗ੍ਰਾਮ ਸੀ। ਇਹ ਬੱਚਾ ਹੱਥ ਦੀ ਹਥੇਲੀ ਤੋਂ ਵੀ ਛੋਟਾ ਸੀ। ਇਸ ਦੀਆਂ ਨਾੜੀਆਂ ਧਾਗੇ ਤੋਂ ਵੀ ਬਰੀਕ ਸਨ। ਸਾਹ ਨਾਲੀ ਇਕ ਬਿੰਦੂ ਵਾਂਗ ਸੀ। ਇਸਨੂੰ ਬਚਾ ਸਕਣਾ ਇਕ ਵੱਡਾ ਚੈਲੰਜ ਸੀ। ਫਿਰ ਵੀ ਹਸਪਤਾਲ ਨੇ ਇਸ ਰਿਸਕ ਨੂੰ ਅਪਣਾਇਆ। ਬੱਚੇ ਨੂੰ ਤੁਰੰਤ ਆਈਸੀਯੂ ਵਿੱਚ ਰੱਖ ਕੇ ਮਾਂ ਦਾ ਦੁੱਧ ਪਿਲਾਉਣ ਲਈ ਭੋਜਨ ਨਾਲੀ, ਡੈਕਸਰੋਜ ਡਰਿੱਪ ਲਾਉਣ ਲਈ ਵੇਨ ਤਿਆਰ ਕੀਤੀ ਗਈ। ਸਾਹ ਲੈਣ ਲਈ ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਸਖਤ ਪ੍ਰੋਟੋਕਾਲ ਅਪਣਾਇਆ ਗਿਆ। 77 ਦਿਨਾਂ ਤੱਕ ਕੰਗਾਰੂ ਮਦਰ ਕੇਅਰ ਨਾਲ ਦੇਖਭਾਲ ਕਰਨ ਤੋਂ ਬਾਅਦ ਜਦੋਂ ਉਸਦਾ ਵਜਨ 1 ਕਿਲੋ 400 ਗ੍ਰਾਮ ਹੋ ਗਿਆ ਤਾਂ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਇਹ ਬੱਚਾ ਤਿੰਨ ਸਾਲ ਦਾ ਹੋ ਚੁੱਕਾ ਹੈ ਅਤੇ ਨਰਸਰੀ ਕਲਾਸ ਵਿੱਚ ਪੜ੍ਹ ਰਿਹਾ ਹੈ।
ਬੱਚਿਆਂ ਦੇ ਮਾਹਿਰ ਸੀਨੀਅਰ ਡਾ. ਵਿਕਾਸ ਬਾਂਸਲ ਨੇ ਕਿਹਾ ਕਿ ਇਹ ਬਹੁਤ ਚੈਲੰਜ ਵਾਲਾ ਕੇਸ ਸੀ। ਬੱਚੇ ਦੇ ਹਰ ਅੰਗ ਨੂੰ ਸਹਾਰਾ ਦੇ ਕੇ ਆਈਸੀਯੂ ਵਿੱਚ ਮਾਂ ਦੇ ਗਰਭ ਵਰਗਾ ਮਾਹੌਲ ਤਿਆਰ ਕਰਕੇ, ਇਸਨੂੰ ਹਰ ਇਨਫੈਕਸ਼ਨ ਤੋਂ ਬਚਾ ਕੇ ਅਤੇ ਇਸਦਾ ਵਜਨ ਵਧਾ ਕੇ ਪਾਜੀਟਿਵ ਨਤੀਜੇ ਹਾਸਿਲ ਕੀਤੇ ਗਏ। ਬੱਚਿਆਂ ਦੇ ਮਾਹਿਰ ਨਿਉਰੋਲੋਜਿਸਟ ਡਾ. ਗੁਰਪ੍ਰੀਤ ਸਿੰਘ ਕੋਚਰ ਨੇ ਕਿਹਾ ਕਿ ਇਕ ਇਕੱਲਾ ਬੱਚਾ ਨਹੀਂ ਹੈ, ਜੋ ਅਜਿਹੀ ਹਾਲਤ ਵਿੱਚ ਪੈਦਾ ਹੋਇਆ ਹੈ। ਬਲਕਿ ਵਿਸ਼ਵ ਸੇਹਤ ਸੰਗਠਨ ਦੀ ਰਿਪੋਰਟ ਅਨੁਸਾਰ 2020 ਵਿੱਚ ਦੁਨੀਆਂ ਭਰ ਵਿੱਚ 1 ਕਰੋੜ 34 ਲੱਖ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ। ਇਹਨਾਂ ਵਿੱਚੋਂ 22 ਫੀਸਦੀ (30 ਲੱਖ) ਬੱਚੇ ਭਾਰਤ ਵਿੱਚ ਪੈਦਾ ਹੋਏ ਸਨ। ਅੱਜ ਇਹ ਬੱਚਾ ਸ਼ਰੀਰਕ ਤੇ ਮਾਨਸਿਕ ਤੌਰ ਤੇ ਪੂਰੀ ਤਰਾਂ ਤੰਦਰੁਸਤ ਹੈ। ਡਾ. ਮਹਿਕ ਬੰਸਲ ਨੇ ਕਿਹਾ ਕਿ ਅਜਿਹੇ ਬੱਚੇ ਨੂੰ ਸਹਾਰਾ ਦੇਣ ਲਈ ਮਾਂ-ਬਾਪ ਨੂੰ ਹਮੇਸ਼ਾ ਪ੍ਰੇਰਣਾ ਦੀ ਲੋੜ ਹੁੰਦੀ ਹੈ। ਅਜਿਹੇ ਬੱਚਿਆਂ ਨੂੰ ਬਚਾਉਣ ਲਈ ਸਿਰਫ ਇਕ ਵਿਅਕਤੀ ਨਹੀਂ, ਬਲਕਿ ਪੂਰੀ ਟੀਮ ਦੀ ਜਰੂਰਤ ਹੁੰਦੀ ਹੈ। ਇਸ ਲਈ ਜੇਕਰ ਕਦੇ ਅਜਿਹੀ ਸਥਿਤੀ ਬਣੇ ਤਾਂ, ਅਜਿਹੇ ਹਸਪਤਾਲਾਂ ਵਿੱਚ ਜਾਣਾ ਚਾਹੀਦਾ ਹੈ।