ਬ੍ਰਿਟੇਨ ਵਿੱਚ ਹਜ਼ਾਰਾਂ ਕਿਸਾਨਾਂ ਨੇ ਕੀਰ ਸਟਾਰਮਰ ਦੀ ਲੇਬਰ ਸਰਕਾਰ ਦੇ ਵਿਰੋਧ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਅਤੇ ਸੜਕਾਂ ਨੂੰ ਜਾਮ ਕਰ ਦਿੱਤਾ। ਕਿਸਾਨ ਲੇਬਰ ਸਰਕਾਰ ਦੀ ਵਿਰਾਸਤ ਟੈਕਸ ਯੋਜਨਾ ਦਾ ਵਿਰੋਧ ਕਰ ਰਹੇ ਹਨ, ਜੋ ਇਕ ਮਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੀ ਖੇਤੀਬਾੜੀ ਜ਼ਮੀਨ ‘ਤੇ 20% ਟੈਕਸ ਲਗਾਉਂਦੀ ਹੈ। ਇਸ ਨਾਲ ਪਰਿਵਾਰਕ ਖੇਤਾਂ ਲਈ ਟੈਕਸ ਛੋਟਾਂ ਖਤਮ ਹੋ ਜਾਣਗੀਆਂ।
ਕਿਸਾਨਾਂ ਨੇ ਵ੍ਹਾਈਟਹਾਲ ਦੇ ਨਾਲ-ਨਾਲ ਅਪਣੇ ਟਰੈਕਟਰ ਖੜੇ ਕਰ ਦਿਤੇ ਹਨ ਅਤੇ ਵਾਹਨਾਂ ਦੀ ਲਾਈਨ ਟੈਫ਼ਲਗਰ ਸਕੁਏਅਰ ਤੱਕ ਫੈਲ ਗਈ ਹੈ। ਧਰਨੇ ਦੌਰਾਨ ਚਾਰ ਟੈਂਕ ਵੀ ਦੇਖੇ ਗਏ ਹਨ। ਪ੍ਰਦਰਸ਼ਨਕਾਰੀਆਂ ਨੂੰ ਯੂਨੀਅਨ ਜੈਕ ਦੇ ਝੰਡੇ ਫੜੇ ਅਤੇ ਬ੍ਰਿਟਿਸ਼ ਖੇਤੀ ਦੇ ਸਮਰਥਨ ਵਿਚ ਬੈਨਰ ਦਿਖਾਉਂਦੇ ਦੇਖਿਆ ਜਾ ਸਕਦਾ ਹੈ।
ਸਰਕਾਰ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਇਹ ਯੋਜਨਾ ਅਪ੍ਰੈਲ 2026 ਤੋਂ ਲਾਗੂ ਕੀਤੀ ਜਾਵੇਗੀ। ਇਸ ਮੁੱਦੇ ‘ਤੇ 1.48 ਲੱਖ ਤੋਂ ਵੱਧ ਲੋਕਾਂ ਨੇ ਈ-ਪਟੀਸ਼ਨ ‘ਤੇ ਦਸਤਖਤ ਕੀਤੇ। ਇਹ ਰੈਲੀ ਸੇਵ ਬ੍ਰਿਟਿਸ਼ ਫਾਰਮਿੰਗ ਦੁਆਰਾ ਆਯੋਜਿਤ ਕੀਤੀ ਗਈ ਸੀ। ਵਿਰੋਧੀ ਧਿਰ ਦੇ ਨੇਤਾ ਨਾਈਜਲ ਫੈਰਾਜ ਨੇ ਪ੍ਰਧਾਨ ਮੰਤਰੀ ਸਟਾਰਮਰ ਤੋਂ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਮੰਗ ਕੀਤੀ ਹੈ। ਸਰਕਾਰ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਕਿਸਾਨਾਂ ਪ੍ਰਤੀ ਉਸਦੀ ਵਚਨਬੱਧਤਾ ਦ੍ਰਿੜ ਹੈ, ਪਰ ਜਨਤਕ ਵਿੱਤ ਨੂੰ ਸੰਤੁਲਿਤ ਕਰਨ ਲਈ ਸੁਧਾਰ ਜ਼ਰੂਰੀ ਹਨ।