ਮੋਹਾਲੀ ਸ਼ਹਿਰ ਦੀ ਮੁੱਖ ਸੜ੍ਹਕ ਏਅਰਪੋਰਟ ਰੋਡ ਖਰੜ ਤੋਂ ਏਅਰਪੋਰਟ ਚੌਕ ਨੂੰ ਖੂਬਸੁਰਤ ਬਣਾਉਣ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ, ਮੁੱਖ ਇੰਜੀਨੀਅਰ ਅਤੇ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਜ਼ਾਇਜ਼ਾ ਲਿਆ ਗਿਆ। ਉਨ੍ਹਾਂ ਆਇਸਰ ਲਾਇਟ ਪੁਆਇੰਟ ਅਤੇ ਸੀ.ਪੀ.-67 ਮਾਲ ਨਜ਼ਦੀਕ ਲਾਇਟ ਪੁਆਇੰਟ ’ਤੇ ਪੁੱਜ ਕੇ ਉੱਥੇ ਰੋਡ ਦੇ ਨਾਲ ਲੱਗਦੇ ਡਿਵਾਈਡਰ (ਸੈਂਟਰ ਵਰਜ), ਰੋਡ ਸਾਈਡ ਟਾਈਲਾਂ ਅਤੇ ਫੁੱਟਪਾਥ, ਸਲਿੱਪ ਰੋਡ ਸੁਧਾਰ ਅਤੇ ਖੂਬਸੁਰਤੀ/ਹਰਿਆਲੀ ਬਾਰੇ ਗਮਾਡਾ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਕੀਤੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਮੋਹਾਲੀ ਸ਼ਹਿਰ ਨੂੰ ਨੰਬਰ ਇੱਕ ਅਤੇ ਖੂਬਸੂਰਤ ਸ਼ਹਿਰ ਬਣਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅਤੇ ਸ਼ਹਿਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਸਾਂਝਾ ਦੌਰਾ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਪਹਿਲਾਂ ਹੀ ਇੰਟਰਨੈਸ਼ਨਲ ਏਅਰਪੋਰਟ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ। ਹੁਣ ਇਸ ਸ਼ਹਿਰ ਵਿੱਚ ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ ਖਰੜ ਫ਼ਲਾਈਓਵਰ ਤੋਂ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਹਵਾਈ ਅੱਡੇ ਤੱਕ ਜਾਂਦੀ ਸੜ੍ਹਕ ਦੀ ਵੀ ਬੇਹੱਦ ਖੂਬਸੁਰਤ ਢੰਗ ਨਾਲ ਨੁਹਾਰ ਬਦਲੀ ਜਾਵੇਗੀ ਜੋ ਕਿ ਪੂਰੇ ਦੇਸ਼ ਦੀ ਸਭ ਤੋਂ ਵਧੀਆ ਰੋਡ ਹੋਵੇਗੀ। ਉਨ੍ਹਾਂ ਕਿਹਾ ਕਿ ਏਅਰਪੋਰਟ ਰੋਡ ਦੀ ਦਿੱਖ ਨੂੰ ਬਦਲਣ ਅਤੇ ਇੰਨਫਰਾਸਟ੍ਰੱਕਚਰ ਨੂੰ ਅਪਗ੍ਰੇਡ ਕਰਨ ਲਈ ਹੀ ਅੱਜ ਇਹ ਨਿਰੀਖਣ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨਾਲ ਹਵਾਈ ਅੱਡਾ ਸੜ੍ਹਕ ਦੇ ਸੁਧਾਰ ਅਤੇ ਖੂਬਸੁਰਤ ਬਣਾਉਣ ਅਤੇ ਅਪਗ੍ਰੇਡ ਕਰਨ ਲਈ ਵਿਚਾਰ ਚਰਚਾ ਕਰਦਿਆਂ ਯੋਜਨਾ ਬਣਾਉਣ ਦੀ ਹਦਾਇਤ ਕੀਤੀ। ਵਿਧਾਇਕ ਨੇ ਕਿਹਾ ਕਿ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਮੋਹਾਲੀ ਸ਼ਹਿਰ ਨੂੰ ਖੂਬਸੁਰਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਜਿਸ ਵਿੱਚ ਪੈਸੇ ਦੀ ਕੋਈ ਕਮੀ ਵੀ ਨਹੀਂ ਆਉਣ ਦਿੱਤੀ ਜਾਵੇਗੀ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਇਸ ਮੌਕੇ ਦੱਸਿਆ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਮੋਹਾਲੀ ਇਸ ਪ੍ਰਮੁੱਖ ਸੜ੍ਹਕ ’ਤੇ ਆਵਜਾਈ ਨੂੰ ਨਿਰਵਿਘਨ ਤੇ ਸੁਰੱਖਿਅਤ ਬਣਾਉਣ ਲਈ ਅੱਜ ਐਮ ਐਲ ਏ ਕੁਲਵੰਤ ਸਿੰਘ ਦੀ ਪਹਿਲਕਦਮੀ ’ਤੇ ਇਹ ਦੌਰਾ ਕੀਤਾ ਗਿਆ ਹੈ, ਜਿਸ ਤਹਿਤ ਪੂਰੀ ਰਿਪੋਰਟ ਤਿਆਰ ਕਰਕੇ ਅਗਲੀ ਯੋਜਨਾਬੰਦੀ ਉਲੀਕੀ ਜਾਵੇਗੀ।