ਲੁਧਿਆਣਾ, ਗੁਰੂਸਰ ਸੁਧਾਰ, 14 ਅਗਸਤ : ਵਿਧਾਨ ਸਭਾ ਬੰਗਾ ਤੋਂ ਵਿਧਾਇਕ ਡਾ. ਸੁੱਖਵਿੰਦਰ ਸੁੱਖੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ‘ਆਪ’ ‘ਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ‘ਆਪ’ ‘ਚ ਸ਼ਾਮਿਲ ਹੋਣ ਸੰਬੰਧੀ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਖੜ੍ਹੇ ਰਹਿਣਗੇ ਤੇ ਉਹ ਕਿਸੇ ਕੀਮਤ ‘ਤੇ ਆਪਣੇ ਅਸੂਲਾਂ ਤੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਅਕਾਲੀ ਦਲ ‘ਚ ਆਏ ਨਿਘਾਰ ‘ਤੇ ਚਿੰਤਾ ਦਾ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਸਿਧਾਂਤਾਂ ਲਈ ਪਾਰਟੀ ਅੰਦਰ ਰਹਿੰਦਿਆਂ ਪਾਰਟੀ ਦੇ ਹਿੱਤ ਵਿੱਚ ਪਹਿਰਾ ਦੇਣ ਬਾਰੇ ਵੀ ਕਿਹਾ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਆਗੂਆਂ ਵਲੋਂ ਆਪਣੀਆਂ-ਆਪਣੀਆਂ ਪਾਰਟੀਆਂ ‘ਚ ਮੇਰੀ ਸ਼ਮੂਲੀਅਤ ਲਈ ਕੋਸ਼ਿਸ਼ ਕਰ ਰਹੇ ਹਨ, ਪਰ ਮੇਰੀ ਪਹਿਚਾਣ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਕੇ ਹੈ ਅਤੇ ਮੈਂ ਆਪਣੇ ਆਖ਼ਰੀ ਸਾਹਾਂ ਤੱਕ ਆਪਣੀ ਮਾਂ ਪਾਰਟੀ ਪ੍ਰਤੀ ਵਫ਼ਾਦਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਸਿਧਾਂਤਕ ਲੜਾਈ ਲੜਦਾ ਰਹਾਂਗਾ।