Wednesday, January 22, 2025
spot_img

ਵਿਦੇਸ਼ ਜਾਣ ਦੀ ਪੰਜਾਬ ਵਿੱਚ ਹੀ ਰਹਿ ਖੇਤੀ ਕਿੱਤਾ ਅਪਨਾਉਣ ਪੰਜਾਬ ਦੇ ਨੌਜਵਾਨ : ਮੁੱਖ ਮੰਤਰੀ ਭਗਵੰਤ ਮਾਨ

Must read

ਲੁਧਿਆਣਾ, 23 ਸਤੰਬਰ
ਸਨਅਤੀ ਸ਼ਹਿਰ ਵਿੱਚ ਪੀਏਯੂ ਦੇ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਥਾਂ ਸੂਬੇ ਵਿੱਚ ਹੀ ਖੇਤੀ ਕਰਨ। ਜਿਨ੍ਹੇਂ ਵੱਧੀਆ ਤੇ ਉਪਜਾਓ ਮਿੱਟੀ ਪੰਜਾਬ ਦੀ ਹੈ, ਉਹੋਂ ਜਿਹੀ ਧਰਤੀ ਦੂਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀਆਂ ਫਸਲਾਂ ਦੀ ਬਜਾਏ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਭਾਰਤ ਸਰਕਾਰ ਨੂੰ ਇਨ੍ਹਾਂ ਫਸਲਾਂ ’ਤੇ ਲਾਹੇਵੰਦ ਭਾਅ ਦੇਣ ਦੀ ਲੋਡ਼ ’ਤੇ ਜ਼ੋਰ ਦਿੱਤਾ।
ਇੱਥੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਿਖੇ ‘ਕਿਸਾਨੀ, ਜਵਾਨੀ ਤੇ ਪੌਣ-ਪਾਣੀ ਬਚਾਈਏ, ਆਓ ‘ਰੰਗਲਾ ਪੰਜਾਬ’ ਬਣਾਈਏ’ ਦੇ ਨਾਅਰੇ ਨਾਲ ਅੱਜ ਸ਼ੁਰੂ ਹੋਏ ਦੋ-ਰੋਜ਼ਾ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸੰਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਝੋਨੇ ਦੇ ਬਦਲ ਵਜੋਂ ਸੂਰਜਮੁਖੀ, ਦਾਲਾਂ ਤੇ ਮੱਕੀ ਵਰਗੀਆਂ ਫਸਲਾਂ ਬੀਜਣ ਲਈ ਤਿਆਰ ਹਨ ਪਰ ਕੇਂਦਰ ਸਰਕਾਰ ਝੋਨੇ ਦੇ ਬਰਾਬਰ ਮੁਨਾਫੇ ਵਜੋਂ ਇਨ੍ਹਾਂ ਫਸਲਾਂ ਉਤੇ ਲਾਹੇਵੰਦ ਭਾਅ ਦੇਵੇ ਤਾਂ ਕਿ ਸੂਬੇ ਵਿਚ ਪਾਣੀ ਦੇ ਸੰਕਟ ਦੇ ਮੰਡਰਾ ਰਹੇ ਬੱਦਲ ਹੋਰ ਗਹਿਰੇ ਨਾ ਹੋਣ।
ਭਗਵੰਤ ਮਾਨ ਨੇ ਕਿਹਾ, “ਸਾਡੇ ਕਿਸਾਨ ਵੀ ਦਿਨੋ-ਦਿਨ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਝੋਨੇ ਦੀ ਪਰਾਲੀ ਨਾਲ ਪਲੀਤ ਹੁੰਦੇ ਵਾਤਾਵਰਣ ਤੋਂ ਬਹੁਤ ਚਿੰਤਤ ਹਨ ਪਰ ਉਹ ਆਪਣੀ ਆਮਦਨ ਖੁੱਸਣ ਦੇ ਡਰ ਤੋਂ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਪੰਜਾਬ ਦੀ ਸੋਨੇ ਵਰਗੀ ਧਰਤੀ ਏਨੀ ਜਰਖੇਜ਼ ਹੈ ਕਿ ਇੱਥੇ ਕੁਝ ਵੀ ਬੀਜਿਆ ਹੋਇਆ ਪੁੰਗਰ ਜਾਂਦਾ ਹੈ। ਪਾਣੀ ਦੇ ਗੰਭੀਰ ਸੰਕਟ ਨੂੰ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ ਕਿਉਂਕਿ ਖਾਡ਼ੀ ਮੁਲਕ ਆਪਣੀ ਧਰਤੀ ਵਿੱਚੋਂ ਜਿੰਨੀ ਡੂੰਘਾਈ ‘ਚੋਂ ਤੇਲ ਕੱਢ ਰਹੇ ਹਨ, ਅਸੀਂ ਇੱਥੇ ਉਨੀ ਡੂੰਘਾਈ ‘ਚੋਂ ਪਾਣੀ ਕੱਢ ਰਹੇ ਹਾਂ ਜੋ ਸਾਡੇ ਲਈ ਖਤਰੇ ਦੀ ਘੰਟੀ ਹੈ। ਚੌਲ ਪੰਜਾਬੀਆਂ ਦੀ ਮੁੱਖ ਖੁਰਾਕ ਨਹੀਂ ਹੈ ਪਰ ਇਕ ਕਿਲੋ ਚੌਲ ਪੈਦਾ ਕਰਨ ਲਈ 4000 ਲਿਟਰ ਤੱਕ ਪਾਣੀ ਦੀ ਖਪਤ ਕੀਤੀ ਜਾ ਰਹੀ ਹੈ ਜਿਸ ਕਰਕੇ ਸਾਨੂੰ ਹੋਰ ਫਸਲਾਂ ਅਪਣਾਉਣੀਆਂ ਹੀ ਪੈਣਗੀਆਂ।”
ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਅਨਾਜ ਦੀ ਕਮੀ ਕਾਰਨ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਸਨ ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ‘ਹਰੀ ਕ੍ਰਾਂਤੀ’ ਰਾਹੀਂ ਦੇਸ਼ ਦੇ ਅੰਨ-ਭੰਡਾਰ ਨੱਕੋ-ਨੱਕ ਭਰ ਦਿੱਤੇ ਅਤੇ ਇੱਥੋਂ ਤੱਕ ਕਿ ਇਸ ਲਈ ਪੰਜਾਬ ਨੂੰ ਆਪਣੇ ਬਹੁਮੁੱਲੇ ਕੁਦਰਤੀ ਸਰੋਤਾਂ ਪਾਣੀ, ਹਵਾ ਅਤੇ ਧਰਤੀ ਨੂੰ ਕੀਮਤ ਚੁਕਾਉਣੀ ਪਈ। ਹੁਣ ਜਦੋਂ ਉਡ਼ੀਸਾ, ਛੱਤੀਸਗਡ਼੍ਹ, ਤੇਲੰਗਾਨਾ ਵਰਗੇ ਸੂਬੇ ਝੋਨੇ ਦੀ ਖੇਤੀ ਕਰਨ ਲੱਗ ਪਏ ਤਾਂ ਪੰਜਾਬ ਦੇ ਝੋਨੇ ਨੂੰ ਐਮ.ਐਸ.ਪੀ. ਉਤੇ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੰਬੀਆ ਤੇ ਮੋਜ਼ੰਮਬੀਕ ਵਰਗੇ ਮੁਲਕਾਂ ਤੋਂ ਹਰੇਕ ਸਾਲ 120 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਦੀ ਦਰਾਮਦ ਕਰਦੀ ਹੈ ਜਦਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਦਾਲਾਂ ਦੀ ਕਾਸ਼ਤ ਕਰਨੀਆਂ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਢੁਕਵਾਂ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਕ-ਦੋ ਦਿਨ ਵਿੱਚ ਪਰਾਲੀ ਦੀ ਸਮੱਸਿਆ ਲਈ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਤਾਂ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੁੰਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਤਾਂ ਕੇਂਦਰ ਸਰਕਾਰ ਨੂੰ ਪਰਾਲੀ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਕਿਸਾਨ ਦੇਸ਼ ਲਈ ਚੌਲ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਚੌਲ ਦਾ ਕੇਂਦਰ ਦੇ ਭੰਡਾਰ ਵਿਚ ਚਲਾ ਜਾਂਦਾ ਹੈ ਪਰ ਪਰਾਲੀ ਸਾਡ਼ਨ ਮੌਕੇ ਕਿਸਾਨਾਂ ਉਤੇ ਸਖਤੀ ਕਰਨ ਲਈ ਸੂਬੇ ਨੂੰ ਕਹਿ ਦਿੱਤਾ ਜਾਂਦਾ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਤਕਨੀਕਾਂ ਅਤੇ ਚੁਣੌਤੀਆਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਖੁਦ ਉਨ੍ਹਾਂ ਕੋਲ ਪਹੁੰਚ ਕਰਨ ਦੇ ਆਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਚ ਰੁੱਝੇ ਕਿਸਾਨ ਕੋਲ ਖੇਤੀ ਸੰਸਥਾਵਾਂ ਕੋਲ ਪਹੁੰਚ ਕਰਕੇ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਸਿੱਖਣ ਦਾ ਸਮਾਂ ਨਹੀਂ ਹੁੰਦਾ ਜਿਸ ਕਰਕੇ ਖੇਤੀ ਮਾਹਿਰਾਂ ਨੂੰ ਹੀ ਖੇਤਾਂ ਵੱਲ ਰੁਖ ਕਰਨਾ ਪਵੇਗਾ ਤਾਂ ਕਿ ਕਿਸਾਨ ਆਧੁਨਿਕ ਅਤੇ ਅਗਾਂਹਵਧੂ ਖੇਤੀ ਢੰਗ-ਤਰੀਕਿਆਂ ਨੂੰ ਅਪਣਾ ਕੇ ਹੋਰ ਤਰੱਕੀ ਕਰ ਸਕਣ। ਉਨ੍ਹਾਂ ਕਿਹਾ, “ਸਾਡੇ ਕਿਸਾਨਾਂ ਦੀ ਮਿਹਨਤ ਵਿਚ ਕੋਈ ਕਮੀ ਨਹੀਂ ਹੈ, ਕਮੀ ਤਾਂ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੂੰ ਮੁਸੀਬਤ ਮੌਕੇ ਸਮੇਂ ਸਿਰ ਸੇਧ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸਮੱਸਿਆਵਾਂ ਅਤੇ ਉਸ ਦੇ ਹੱਲ ਦਰਮਿਆਨ ਫਰਕ ਘਟਾਉਣਾ ਹੋਵੇਗਾ ਜੋ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਦਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਬੱਝਵੀਂ ਆਮਦਨ ਹੋਣ ਕਰਕੇ ਨਵੇਂ ਖੇਤੀ ਤਰਜਬੇ ਕਰਨ ਦਾ ਜੋਖਮ ਨਹੀਂ ਉਠਾ ਸਕਦਾ ਜਿਸ ਕਰਕੇ ਖੇਤੀਬਾਡ਼ੀ ਯੂਨੀਵਰਸਿਟੀ ਨੂੰ ਆਪਣੀ ਜ਼ਮੀਨ ਵਿਚ ਨਵੀਆਂ ਖੋਜਾਂ ਅਤੇ ਤਜਰਬੇ ਅਪਣਾ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵੀ ਖੇਤੀ ਖੇਤਰ ਵਿਚ ਨਵੇਂ ਬਦਲਾਅ ਲਿਆਉਣ ਦਾ ਸੱਦਾ ਦਿੱਤਾ।
ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਵੇਰਕਾ’ ਦਾ ਹੋਰ ਵਿਸਥਾਰ ਕਰ ਰਹੀ ਹੈ ਕਿਉਂਕਿ ਵੇਰਕਾ ਦੇ ਉਤਪਾਦ ਪੂਰੇ ਦੁਨੀਆ ਵਿਚ ਮਸ਼ਹੂਰ ਹਨ ਜਿਸ ਕਰਕੇ ਕਿਸਾਨਾਂ ਦੀ ਆਮਦਨ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਲੀਚੀ ਅਤੇ ਅਬੋਹਰ ਦੇ ਕਿਨੂੰ ਦਾ ਸਹੀ ਮੰਡੀਕਰਨ ਵੀ ਕੀਤਾ ਜਾਵੇਗਾ ਤਾਂ ਕਿ ਉਤਪਾਦਕਾਂ ਨੂੰ ਹੋਰ ਵਿੱਤੀ ਲਾਭ ਮਿਲੇ।
ਵਿਆਹ ਸਮਾਗਮਾਂ ਉਤੇ ਖਰਚੇ ਘਟਾਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਆਹਾਂ ਉਤੇ ਵਿੱਤੋਂ ਵੱਧ ਖਰਚੇ ਨਾਲ ਪਰਿਵਾਰ ਦੇ ਆਰਥਿਕ ਹਾਲਾਤ ਡਾਵਾਂਡੋਲ ਹੋ ਜਾਂਦੇ ਹਨ ਜਦਕਿ ਅਜਿਹੇ ਸਮਾਗਮ ਸਾਦਗੀ ਨਾਲ ਕੀਤੇ ਜਾਣੇ ਚਾਹੀਦੇ ਹਨ।
ਨਸ਼ਿਆਂ ਨਾਲ ਪੰਜਾਬ ਦੀ ਬਰਬਾਦ ਹੋਈ ਨੌਜਵਾਨੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸਾਨੂੰ ਥੋਡ਼੍ਹਾ ਜਿਹਾ ਵਕਤ ਦਿਓ, ਅਸੀਂ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਹੁਤ ਗੰਭੀਰਤਾ ਨਾਲ ਇਸ ਪਾਸੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਨਤੀਜੇ ਸਾਹਮਣੇ ਆਉਣਗੇ।
ਇਸ ਮੌਕੇ ਖੇਤੀਬਾਡ਼ੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਵਿਚ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੀ ਅਹਿਮ ਯੋਗਦਾਨ ਉਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਇਸ ਯੂਨੀਵਰਸਿਟੀ ਤੋਂ ਸਮੇਂ-ਸਮੇਂ ਸਿਰ ਸੇਧ ਲੈਂਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਦਾਰੇ ਪਨਸੀਡ ਵੱਲੋਂ ਕਣਕ ਦਾ ਮਿਆਰੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਫਸਲ ਦਾ ਵੱਧ ਤੋਂ ਵੱਧ ਝਾਡ਼ ਲਿਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਵਾਰ ਪਰਾਲੀ ਨਾ ਸਾਡ਼ਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਇਸ ਸਮੱਸਿਆ ਦਾ ਠੋਸ ਹੱਲ ਕੱਢ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਸਿੰਘ ਛੀਨਾ, ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੂੰਡੀਆ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸੰਧੂ, ਅਸੋਕ ਪਰਾਸ਼ਰ ਪੱਪੀ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰੈਮਨ ਡਾ. ਸੁਖਪਾਲ ਸਿੰਘ, ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਨਵਜੋਤ ਜਰਗ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਅਤੇ ਵਧੀਕ ਮੁੱਖ ਸਕੱਤਰ ਖੇਤੀਬਾਡ਼ੀ ਸਰਵਜੀਤ ਸਿੰਘ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article