ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਤਿਰੰਗਾ ਬਾਈਕ ਰੈਲੀ ਕੀਤੀ। ਰੈਲੀ ਦੀ ਸ਼ੁਰੂਆਤ ਸਮਰਾਲਾ ਚੌਕ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੇ ਦਫ਼ਤਰ ਤੋਂ ਕੀਤੀ ਗਈ। ਰੈਲੀ ਸਮਰਾਲਾ ਚੌਕ, ਬਾਬਾ ਥਾਨ ਸਿੰਘ ਚੌਕ, ਘੰਟਾ ਘਰ, ਪੈਵੀਲੀਅਨ ਮਾਲ, ਫੁਆਰਾ ਚੌਕ, ਘੁਮਾਰ ਮੰਡੀ, ਆਰਤੀ ਚੌਕ, ਮਲਹਾਰ ਰੋਡ, ਇਸ਼ਮੀਤ ਚੌਕ, ਮਾਡਲ ਟਾਊਨ ਮਾਰਕੀਟ, ਦੁੱਗਰੀ ਰੋਡ, ਦਾਣਾ ਮੰਡੀ ਤੋਂ ਹੁੰਦੀ ਹੋਈ ਗਿੱਲ ਚੌਕ ਪੁੱਜੇਗੀ।
ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਬਾਈਕ ਲੈ ਕੇ ਪੁੱਜੇ। ਸਾਂਸਦ ਬਿੱਟੂ ਨੇ ਨੌਜਵਾਨਾਂ ਦੇ ਕਾਫਲੇ ਨਾਲ ਸ਼ਹਿਰ ਵਿੱਚ ਇਹ ਮਾਰਚ ਕੱਢ ਕੇ ਚੋਣਾਂ ਤੋਂ ਪਹਿਲਾਂ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਬਿੱਟੂ ਨੇ ਰੈਲੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਹੈਲਮਟ ਪਾਉਣ ਦੀ ਅਪੀਲ ਵੀ ਕੀਤੀ ਹੈ। ਰੈਲੀ ਦੌਰਾਨ ਸੜਕਾਂ ‘ਤੇ ਕਿਸੇ ਵੀ ਤਰ੍ਹਾਂ ਦੇ ਜਾਮ ਤੋਂ ਬਚਣ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਾਂਗਰਸੀਆਂ ਵੱਲੋਂ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮਹਿਲਾ ਕਾਂਗਰਸ ਆਗੂਆਂ ਨੇ ਵੀ ਸਾਈਕਲ ਰੈਲੀ ਦਾ ਜ਼ੋਰਦਾਰ ਸਵਾਗਤ ਕੀਤਾ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 1930 ਵਿੱਚ ਕਾਂਗਰਸ ਨੇ ਦੇਸ਼ ਦੇ ਹਰ ਘਰ ਦੀ ਛੱਤ ’ਤੇ ਤਿਰੰਗਾ ਲਹਿਰਾਇਆ ਸੀ। ਉਸ ਸਮੇਂ ਕਾਂਗਰਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਹਿਰ ਸ਼ੁਰੂ ਕੀਤੀ ਸੀ। ਜਿਸ ਦੀ ਬਦੌਲਤ 1947 ਵਿੱਚ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1950 ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਰੱਖਿਆ ਗਿਆ। ਦੇਸ਼ ਦੇ ਲੋਕਾਂ ਨੂੰ ਇਹ ਦਿਨ ਮਿਲ ਕੇ ਮਨਾਉਣਾ ਚਾਹੀਦਾ ਹੈ।