ਲੁਧਿਆਣਾ ਦੀ ਅੰਨਨਿਆ ਜੈਨ ਨੇ ਦੇਸ਼ ਭਰ ਵਿਚ CUET-UG ‘ਚ ਟੌਪ ਕਰਕੇ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਅਨੰਨਿਆ ਦੇ ਪਿਤਾ ਸੀਏ (ਚਾਰਟਰਡ ਅਕਾਊਂਟੈਂਟ), ਜਦਕਿ ਮਾਂ ਹਾਊਸਵਾਈਫ ਹਨ। ਪੱਖੋਵਾਲ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਦੀ ਕਾਮਰਸ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UG 2025 ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿਦਿਆਰਥਣ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀ ਵਧਾਈ ਦਿੱਤੀ।
ਅਨੰਨਿਆ ਨੇ ਆਪਣੇ ਚੁਣੇ ਹੋਏ 5 ਵਿਸ਼ਿਆਂ ਵਿੱਚੋਂ ਚਾਰ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਦੇਸ਼ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖਲੇ ਵਾਸਤੇ ਲਈ ਗਈ ਇਸ ਵੱਕਾਰੀ ਪ੍ਰੀਖਿਆ ਵਿੱਚ ਬੈਠੇ 10 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਪਛਾੜ ਦਿੱਤਾ ਹੈ।