ਪੰਜਾਬ ਦੇ ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ 21 ਦਸੰਬਰ ਨੂੰ ਹਨ। ਚੋਣ ਨਤੀਜੇ ਵੀ ਸ਼ਾਮ ਨੂੰ ਹੀ ਆ ਜਾਣਗੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੇ ਉਮੀਦਵਾਰਾਂ ਦੀ ਹਮਾਇਤ ਲਈ ਲੁਧਿਆਣਾ ਪੁੱਜੇ। ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਡਰਦੀ ਸੀ ਕਿਉਂਕਿ ਸਰਕਾਰ ਜਾਣਦੀ ਸੀ ਕਿ ਉਨ੍ਹਾਂ ਲਈ ਜਿੱਤਣਾ ਸੰਭਵ ਨਹੀਂ ਹੈ। ਪਰ ਹੁਣ ਜਦੋਂ ਅਦਾਲਤ ਨੇ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ ਤਾਂ ਸਰਕਾਰ ਚੋਣਾਂ ਕਰਵਾਉਣ ਲਈ ਮਜਬੂਰ ਹੈ। ਬਿੱਟੂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਭਾਜਪਾ ਦੇ ਕਈ ਆਗੂਆਂ ਦੀਆਂ ਵੋਟਾਂ ਉਨ੍ਹਾਂ ਦੇ ਵਾਰਡਾਂ ਵਿੱਚੋਂ ਕੱਟ ਦਿੱਤੀਆਂ ਹਨ।
‘ਆਪ’ ਸਰਕਾਰ ਖੁੱਲ੍ਹੇਆਮ ਲੋਕਤੰਤਰ ਦਾ ਘਾਣ ਕਰ ਰਹੀ ਹੈ। ਬਿੱਟੂ ਨੇ ਦੱਸਿਆ ਕਿ ਵਾਰਡ ਨੰਬਰ 83 ਤੋਂ ਭਾਜਪਾ ਉਮੀਦਵਾਰ ਨਮਿਤਾ ਮਲਹੋਤਰਾ ਦੇ ਸਹੁਰੇ ਅਤੇ ਸਾਬਕਾ ਐੱਸਪੀ ਸਤੀਸ਼ ਮਲਹੋਤਰਾ ਦੀ ਵੋਟ ਕੱਟੀ ਗਈ ਹੈ। ਸਾਬਕਾ ਐਸਪੀ ਮਲਹੋਤਰਾ ਦਾ ਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅੰਤਿਮ ਸੂਚੀ ਵਿੱਚ ਨਹੀਂ ਹੈ। ਵੋਟਾਂ ਕੱਟੇ ਜਾਣ ਤੋਂ ਬਾਅਦ ਮਲਹੋਤਰਾ ਨੇ ਭਾਜਪਾ ਲੀਡਰਸ਼ਿਪ ਨੂੰ ਸੂਚਿਤ ਕੀਤਾ। ਬਿੱਟੂ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਡੀਸੀ ਨੂੰ ਵੀ ਸ਼ਿਕਾਇਤ ਦਿੱਤੀ ਹੈ।
ਦੂਜੇ ਪਾਸੇ ਸਤੀਸ਼ ਮਲਹੋਤਰਾ ਨੇ ਕਿਹਾ ਕਿ ਡੀਸੀ ਜਤਿੰਦਰ ਜੋਰਵਾਲ ਨੇ ਵੋਟਿੰਗ ਕਰਵਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਵੋਟ ਜਾਣਬੁੱਝ ਕੇ ਰੋਕੀ ਗਈ ਹੈ। ਮਲਹੋਤਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ। ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਵਿਧਾਨ ਸਭਾ ਅਤੇ ਲੋਕ ਸਭਾ ਦੀ ਸੂਚੀ ਵਿੱਚ ਸੀ ਪਰ ਉਨ੍ਹਾਂ ਦਾ ਨਾਂ ਨਵੀਂ ਵੋਟਰ ਸੂਚੀ ਵਿੱਚ ਨਹੀਂ ਹੈ। ਇਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀ.ਐਲ.ਓ ਦੀ ਵੱਡੀ ਲਾਪ੍ਰਵਾਹੀ ਹੈ।