ਪੰਜਾਬ ਦੇ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ‘ਆਪ’ ਨੇ 41 ਵਾਰਡ ਜਿੱਤੇ, ਪਰ ਮੇਅਰ ਦੀ ਚੋਣ ਲਈ 48 ਦਾ ਲੋੜੀਂਦਾ ਅੰਕੜਾ ਹਾਸਲ ਨਹੀਂ ਕਰ ਸਕੀ। ਮੇਅਰ ਦੀ ਸੀਟ ਤੋਂ ‘ਆਪ’ 7 ਸੀਟਾਂ ਪਿੱਛੇ ਹੈ। ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ, ਇਸ ਲਈ ਹੁਣ ਹੇਰਾਫੇਰੀ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ।
ਇਸ ਵਾਰ ਸ਼ਹਿਰ ਦਾ ਮੇਅਰ ਗਠਜੋੜ ਦੇ ਸਮਰਥਨ ਨਾਲ ਚੁਣਿਆ ਜਾਵੇਗਾ। ਜੇਕਰ ‘ਆਪ’ ਆਪਣਾ ਮੇਅਰ ਚੁਣਦੀ ਹੈ ਤਾਂ ਉਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਗਠਜੋੜ ਪਾਰਟੀ ਨੂੰ ਦੇਣੇ ਪੈ ਸਕਦੇ ਹਨ। ਦੂਜੇ ਪਾਸੇ ਨਗਰ ਨਿਗਮ ਚੋਣਾਂ ਤੋਂ ਬਾਅਦ ਦੇਰ ਰਾਤ ਤੋਂ ਹੀ ਕਾਂਗਰਸ ਅਤੇ ‘ਆਪ’ ਹਾਈਕਮਾਂਡ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
ਚੋਣ ਨਤੀਜਿਆਂ ਨੇ ‘ਆਪ’ ਵਿਧਾਇਕਾਂ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ‘ਚ ਮੌਜੂਦਾ ਦੋ ਵਿਧਾਇਕਾਂ ਦੀਆਂ ਪਤਨੀਆਂ ਹਾਰ ਗਈਆਂ ਹਨ। ਵਾਰਡ ਨੰਬਰ 61 ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਪਤਨੀ ਸੁਖਚੈਨ ਕੌਰ ਬੱਸੀ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਇੰਡੀ ਤੋਂ ਹਾਰ ਗਈ ਹੈ। ਇਸੇ ਤਰ੍ਹਾਂ ਵਾਰਡ ਨੰਬਰ 77 ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਹਾਰ ਗਈ ਹੈ, ਜਿੱਥੇ ਭਾਜਪਾ ਉਮੀਦਵਾਰ ਪੂਨਮ ਰੱਤੜਾ ਜੇਤੂ ਬਣ ਕੇ ਸਾਹਮਣੇ ਆਈ ਹੈ। ਕਾਂਗਰਸ ਨੂੰ ਵੀ ਝਟਕਾ ਲੱਗਾ ਹੈ, ਕਿਉਂਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵਾਰਡ ਨੰਬਰ 60 ਤੋਂ ਹਾਰ ਗਈ ਹੈ।