ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਨੇ ਅੱਜ 29 ਮਈ ਸਭ ਤੋਂ ਪਹਿਲਾਂ ਲੁਧਿਆਣਾ ਦੇ ਦਾਖਾ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਜਿੱਥੇ ਉਨ੍ਹਾਂ ਕਿਹਾ ਕਿ ਆਈ.ਐਨ.ਡੀ.ਆਈ.ਏ. ਬਲਾਕ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਨੀਵੀਰ ਯੋਜਨਾ ਫੌਜ ‘ਤੇ ਹਮਲਾ ਹੈ। ਇਸ ਕਾਰਨ ਦੋ ਤਰ੍ਹਾਂ ਦੇ ਸ਼ਹੀਦ ਬਣਾਏ ਜਾ ਰਹੇ ਹਨ। ਜੇਕਰ ਸਾਡੀ ਸਰਕਾਰ ਬਣੀ ਤਾਂ ਅਗਨੀਵੀਰ ਸਕੀਮ ਨੂੰ ਪਾੜ ਕੇ ਡਸਟਬਿਨ ਵਿੱਚ ਸੁੱਟ ਦਵਾਂਗੇ।
ਰਾਹੁਲ ਗਾਂਧੀ ਨੇ ਕਿਹਾ- ਭਾਰਤ ਦੇ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ। ਸਰਕਾਰ ਇਨ੍ਹਾਂ ਪਰਿਵਾਰਾਂ ਦੀ ਬਜ਼ੁਰਗ ਔਰਤ ਦੇ ਖਾਤੇ ਵਿੱਚ ਹਰ ਸਾਲ 1 ਲੱਖ ਰੁਪਏ ਜਮ੍ਹਾਂ ਕਰਵਾਏਗੀ। ਸਰਕਾਰ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ 8500 ਰੁਪਏ ਜਮ੍ਹਾ ਕਰੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਨੇ 22 ਅਰਬਪਤੀ ਬਣਾਏ। ਅਸੀਂ ਕਰੋੜਾਂ ਲੋਕਾਂ ਨੂੰ ਕਰੋੜਪਤੀ ਬਣਾਵਾਂਗੇ।
ਦੱਸ ਦਈਏ ਕਿ ਇੱਥੇ ਰੈਲੀ ਕਰਨ ਤੋਂ ਬਾਅਦ ਰਾਹੁਲ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਅੱਜ ਰਾਹੁਲ ਗਾਂਧੀ ਸ਼ਹੀਦ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਵੀ ਮਿਲਣ ਜਾਣਗੇ। ਰਾਹੁਲ ਗਾਂਧੀ ਖੰਨਾ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਆਉਣਗੇ।