ਚੰਡੀਗੜ੍ਹ, 5 ਨਵੰਬਰ 2023 : ਰਾਜਸਥਾਨ ਦੇ ਬੀਜੇਪੀ ਆਗੂ ਵੱਲੋਂ ਕੀਤੀ ਧਾਰਮਿਕ ਟਿੱਪਣੀ ਤੋਂ ਬਾਅਦ ਹੁਣ ਪੰਜਾਬ ਦੇ ਬੀਜੇਪੀ ਲੀਡਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਆਗੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੇ ਆਗੂ ਸੰਦੀਪ ਦਾਮਿਆ ਵੱਲੋਂ ਦੇਸ਼ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਬਾਰੇ ਨਫ਼ਰਤ ਭਰੀ ਟਿੱਪਣੀ ਕਰਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਉਥੇ ਹੀ ਅੱਜ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਟਵੀਟ ਕਰਕੇ ਕਿਹਾ ਗਿਆ ਹੈ ਕਿ, “ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਰਾਜਸਥਾਨ ਦੇ ਆਗੂ ਵੱਲੋਂ ਸਾਥੀ ਨਾਗਰਿਕਾਂ ਬਾਰੇ ਕੀਤੀਆਂ ਟਿੱਪਣੀਆਂ ਮੁਆਫੀਯੋਗ ਨਹੀਂ ਹਨ। ਉਹਨਾਂ ਦੱਸਿਾ ਕਿ ਉਹਨਾਂ ਨੇ ਇਸ ਆਗੂ ਦੇ ਬਿਆਨ ਨਾਲ ਲੋਕਾਂ ਨੂੰ ਪੁੱਜੀ ਠੇਸ ਬਾਰੇ ਕੇਂਦਰੀ ਲੀਡਰਸ਼ਿਪ ਨੂੰ ਜਾਣਕਾਰੀ ਦੇ ਦਿੱਤੀ ਹੈ। ਸੂਬਾ ਭਾਜਪਾ ਇਕਾਈ ਨੇ ਉਹਨਾਂ ਸਾਰੇ ਵਿਕਲਪਾਂ ਨੂੰ ਵਿਚਾਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ ਕਿਉਂਕਿ ਮੁਆਫੀ ਮੰਗਣ ਨਾਲ ਪੁੱਜੀ ਠੇਸ ਤੇ ਰੋਹ ਠੰਢਾ ਨਹੀਂ ਹੋ ਜਾਂਦਾ।”