ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਮਕਵਾਨਾ ਦੀਆਂ ਮੁਸੀਬਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਥਾਣਾ ਈ-ਡਵੀਜ਼ਨ ‘ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੁਣ ਪੰਜਾਬ ਪੁਲਿਸ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ।
ਏਡੀਸੀਪੀ ਸਿਟੀ-1 ਦਰਪਨ ਆਹਲੂਵਾਲੀਆ ਨੇ ਕਿਹਾ ਹੈ ਕਿ ਅਰਚਨਾ ਮਕਵਾਨਾ ਨੂੰ ਸਿੱਧੇ ਤੌਰ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਉਸ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਜਵਾਬ ਦੇਣ ਲਈ ਉਸ ਨੂੰ ਇੱਥੇ ਆਉਣਾ ਪਵੇਗਾ। ਜਾਂਚ ਪੂਰੀ ਹੋਣ ਅਤੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੱਡੀ ਗਿਣਤੀ ਵਿਚ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। 21 ਜੂਨ ਨੂੰ ਇੱਥੇ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਨੇ ਯੋਗਾ ਕੀਤਾ ਸੀ, ਜਿਸ ਦਾ ਸਿੱਖਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਨਿਯਮ ਬਣਾਏ ਹਨ। ਹਰ ਸ਼ਰਧਾਲੂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਹ ਨਿਯਮ ਇਸ ਲਈ ਬਣਾਏ ਗਏ ਹਨ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।