ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ – ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ: ਬਲਜੀਤ ਕੌਰ ਨੇ ਕੈਬਨਿਟ ਮੰਤਰੀ ਬਣਨ ਦੇ ਬਾਵਜੂਦ ਵੀ ਬਤੌਰ ਡਾਕਟਰ ਮਨੁੱਖਤਾ ਦੀ ਸੇਵਾ ਜਾਰੀ ਰੱਖੀ ਹੋਈ ਹੈ। ਉਹ ਜਦੋਂ ਆਪਣੇ ਹਲਕੇ ਵਿਚ ਜਾਂਦੇ ਹਨ ਤਾਂ ਅਕਸਰ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਵਿਖਾਈ ਦਿੰਦੇ ਹਨ। ਅੱਜ ਵੀ ਉਨ੍ਹਾਂ ਨੇ ਇੱਥੇ ਸੰਕਲਪ ਐਜ਼ੁਕੇਸ਼ਨ ਵੇਲਫੇਅਰ ਸੁਸਾਇਟੀ ਅਤੇ ਰਬਾਬ ਐਜ਼ੁਕੇਸ਼ਨ ਵੇਲਫੇਅਰ ਸੁਸਾਇਟੀ ਦੁਆਰਾ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੈਂਪ ਵਿਚ ਬਤੌਰ ਡਾਕਟਰ ਸਾਰਾ ਦਿਨ ਸੇਵਾਵਾਂ ਦਿੱਤੀਆਂ। ਇਹ ਕੈਂਪ ਧਾਲੀਵਾਲ ਬੱਚਿਆਂ ਦੇ ਹਸਪਤਾਲ ਵਿਚ ਡਾ: ਬਲਜੀਤ ਆਈ ਕੇਅਰ ਸੈਂਟਰ ਵਿਚ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲੇਗਾ।
ਇਸ ਕੈਂਪ ਵਿਚ ਡਾ: ਬਲਜੀਤ ਕੌਰ ਨੇ ਖੁਦ 1500 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 700 ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਵੰਡੀਆਂ ਗਈਆਂ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆ ਗਈਆ। ਇਸ ਮੌਕੇ ਚਿੱਟੇ ਮੋਤੀਏ ਦੇ 100 ਮਰੀਜਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੇ ਆਪ੍ਰੇਸ਼ਨ ਵੀ ਕੈਬਨਿਟ ਮੰਤਰੀ ਖੁਦ ਕਰਨਗੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ “ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਬਜੁਰਗਾਂ ਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਕੈਂਪ ਲਗਾਇਆ ਗਿਆ ਹੈ।
ਜਿਕਰਯੋਗ ਹੈ ਕਿ ਡਾ: ਬਲਜੀਤ ਕੌਰ ਸਿਆਸਤ ਵਿਚ ਆਉਣ ਤੋਂ ਪਹਿਲਾਂ ਅੱਖਾਂ ਦੇ ਮਾਹਿਰ ਡਾਕਟਰ ਵਜੋਂ ਇਸ ਜਿ਼ਲ੍ਹੇ ਵਿਚ ਹੀ ਸੇਵਾ ਕਰਦੇ ਰਹੇ ਹਨ ਅਤੇ ਉਨ੍ਹਾਂ ਬਾਰੇ ਲੋਕ ਰਾਏ ਸੀ ਕਿ ਲੋਕ ਉਨ੍ਹਾਂ ਤੋਂ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਨੂੰ ਹੀ ਤਰਜੀਹ ਦਿੰਦੇ ਸਨ। ਅੱਜ ਕੈਂਪ ਵਿਚ ਵੀ ਜਦ ਲੋਕਾਂ ਨੇ ਡਾ: ਬਲਜੀਤ ਕੌਰ ਨੂੰ ਅੱਖਾਂ ਦੀ ਜਾਂਚ ਕਰਦੇ ਪਾਇਆ ਤਾਂ ਉਨ੍ਹਾਂ ਦੇ ਚਿਹਰੇ ਦੀ ਰੌਣਕ ਹੋਰ ਵੀ ਵਧੀ ਹੋਈ ਨਜਰ ਆਈ।