ਇਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿੱਥੇ ਅਦਾਲਤ ਵੱਲੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋਈ ਹੈ।
ਦੱਸ ਦੇਈਏ ਕਿ ਈਡੀ ਤੋਂ ਪਹਿਲਾ ਧਰਮਸੋਤ ਨੂੰ ਵਿਜੀਲੈਂਸ ਵੱਲੋ ਗ੍ਰਿਫਤਾਰ ਕੀਤਾ ਗਿਆ ਸੀ,ਜਿੱਥੇ ਤਿੰਨ ਮਹੀਨਿਆਂ ਦੀ ਜੇਲ ਦੀ ਹਵਾ ਖਾਣ ਤੋਂ ਬਾਅਦ ਜ਼ਮਾਨਤ ਮਿਲੀ ਸੀ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ। ਨਵੰਬਰ 2023 ਵਿਚ ਈਡ ਨੇ ਧਰਮਸੋਤ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ, ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ‘ਤੇ ਛਾਪਿਆਂ ਮਾਰਿਆ ਸੀ। ਈਡੀ ਧਰਮਸੋਤ ਦੇ ਕਰੀਬੀ ਤੇ ਜੰਗਲਾਤ ਵਿਭਾਗ ਦੇ ਠੇਕੇਦਾਰ ਹਰਮੋਹਿੰਦਰ ਸਿੰਘ, ਖੰਨਾ ਸਥਿਤ ਇਕ ਕਰੀਬੀ ਤੇ ਕੁਝ ਅਧਿਕਾਰੀਆਂ ‘ਤੇ ਕਾਰਵਾਈ ਕਰ ਸਕਦੀ ਹੈ।