Friday, November 22, 2024
spot_img

ਮੋਹਾਲੀ ‘ਚ ਫੜਿਆ ਤੇਂਦੁਆ: ਝੋਨੇ ਦੇ ਖੇਤਾਂ ‘ਚ ਛੁਪਿਆ, ਟਰੈਂਕਿਊਲਾਈਜ਼ਰ ਬੰਦੂਕ ਨਾਲ ਕੀਤਾ ਬੇਹੋਸ਼, ਚਿੜੀਆਘਰ ਭੇਜਿਆ

Must read

ਮੋਹਾਲੀ, 22 ਸਤੰਬਰ : ਮੋਹਾਲੀ ਦੇ ਨਜਦੀਕ ਪੈਂਦੇ ਪਿੰਡ ਅਮਰਾਲੀ ਵਿਖੇ ਝੋਨੇ ਦੇ ਖੇਤਾਂ ‘ਚੋਂ ਲੁੱਕ ਕੇ ਬੈਠੇ ਇਕ ਤੇਂਦੁਏ ਨੂੰ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸੁਰੱਖਿਅਤ ਫੜ ਲਿਆ ਹੈ। ਇਸ ਤੇਂਦੁਆ ਨਾਲ ਪਿਛਲੇ ਕਈ ਦਿਨਾਂ ਤੋਂ ਮੁਹਾਲੀ, ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਕਰੀਬ ਛੇ-ਸੱਤ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ। ਜਿਸ ਕਾਰਨ ਪਿੰਡਾਂ ਦੇ ਲੋਕ ਘਰ ਤੋਂ ਬਾਹਰ ਨਿਕਲਣ ਸਮੇਂ ਡਰਦੇ ਸਨ। ਤੇਂਦੂਏ ਦੇ ਫੜੇ ਜਾਣ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਰੋਪੜ ਰੇਂਜ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਤੇਂਦੁਏ ਨੂੰ ਬੇਹੋਸ਼ ਕਰਨ ਤੋਂ ਬਾਅਦ ਇਲਾਜ ਅਤੇ ਦੇਖਭਾਲ ਲਈ ਛੱਤਬੀੜ ਚਿੜੀਆਘਰ ਭੇਜ ਦਿੱਤਾ ਗਿਆ ਹੈ। ਕਰੀਬ 6 ਸਾਲ ਦੀ ਉਮਰ ਦੇ ਇਸ ਤੇਂਦੁਏ ਨੂੰ ਜੰਗਲੀ ਜੀਵ ਟੀਮ ਨੇ ਟਰਾਂਕਿਊਲਾਈਜ਼ਰ ਬੰਦੂਕ ਨਾਲ ਉਸ ਸਮੇਂ ਬੇਹੋਸ਼ ਕਰ ਦਿੱਤਾ, ਜਦੋਂ ਇਹ ਝੋਨੇ ਦੇ ਖੇਤਾਂ ਵਿੱਚ ਲੁਕਿਆ ਹੋਇਆ ਸੀ। ਉਸ ਨੂੰ ਪਿੰਜਰੇ ਵਿੱਚ ਪਾ ਕੇ ਚਿੜੀਆਘਰ ਭੇਜ ਦਿੱਤਾ ਗਿਆ।ਪਿੰਡ ਵਿੱਚ ਤੇਂਦੁਏ ਦੇ ਆਉਣ ’ਤੇ ਕਿਸੇ ਵੀ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਪਿੰਡ ਵਾਸੀਆਂ ਨੂੰ ਕਈ ਥਾਵਾਂ ’ਤੇ ਮੋਰ ਦੇ ਖੰਭ ਅਤੇ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਤੇਂਦੁਏ ਨੇ ਉਨ੍ਹਾਂ ਦਾ ਸ਼ਿਕਾਰ ਕੀਤਾ ਸੀ। ਅਮਰਾਲੀ ਪਿੰਡ ਦੇ ਇੱਕ ਵਿਅਕਤੀ ਨੇ ਤੇਂਦੁਏ ਦੇ ਨਜ਼ਰ ਆਉਣ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਟੀਮ ਨੇ ਸ਼ਾਮ 5.30 ਵਜੇ ਦੇ ਕਰੀਬ ਤੇਂਦੁਏ ਨੂੰ ਫੜ ਲਿਆ।
ਡੀਐਫਓ ਕੁਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲੀ ਜੀਵ ਟੀਮ ਪਹਿਲਾਂ ਹੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਟੀਮ ਨੂੰ ਦੇਖ ਕੇ ਤੇਂਦੁਆ ਇੱਕ ਦਰੱਖਤ ਤੋਂ ਛਾਲ ਮਾਰ ਕੇ ਝੋਨੇ ਦੇ ਖੇਤਾਂ ਵਿੱਚ ਲੁੱਕ ਗਿਆ, ਜਿਸ ਨੂੰ ਫੜਨ ਵਿੱਚ ਕਰੀਬ ਦੋ ਘੰਟੇ ਲੱਗ ਗਏ। ਸੰਘਣੇ ਝੋਨੇ ਦੇ ਖੇਤਾਂ ਵਿੱਚ ਤੇਂਦੁਏ ਨੂੰ ਲੱਭਣਾ ਬਹੁਤ ਮੁਸ਼ਕਲ ਸੀ, ਪਰ ਟੀਮ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਨੂੰ ਸੁਰੱਖਿਅਤ ਫੜ ਲਿਆ ਗਿਆ। ਤੇਂਦੁਏ ਨੂੰ ਫਿਲਹਾਲ ਛੱਤਬੀੜ ਚਿੜੀਆਘਰ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੂੰ ਇਸ ਦੇ ਕੁਦਰਤੀ ਨਿਵਾਸ ਸਥਾਨ ‘ਚ ਛੱਡਣ ਦੀ ਯੋਜਨਾ ਹੈ। ਡੀਐਫਓ ਨੇ ਦੱਸਿਆ ਕਿ ਇਹ ਤੇਂਦੁਏ ਸ਼ਾਇਦ ਰੋਪੜ-ਚਮਕੌਰ ਸਾਹਿਬ-ਬਲਾਚੌਰ ਦੇ ਜੰਗਲਾਂ ਵਿੱਚੋਂ ਭਟਕ ਕੇ ਪਿੰਡਾਂ ਵਿੱਚ ਪਹੁੰਚਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article