ਲੁਧਿਆਣਾ, 23 ਅਗਸਤ : ਲੁਧਿਆਣਾ ਦੇ ਚੀਮਾ ਚੌਂਕ ਫਲਾਈ ਓਵਰ ’ਤੇ ਬੀਤੀ ਰਾਤ ਦਰਦਨਾਕ ਸੜਕ ਹਾਦਸੇ ਵਿੱਚ ਮੋਟਰ ਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਵਿਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਦੂਸਰੇ ਨੌਜਵਾਨ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਸੁਖਰਾਮ (25) ਅਤੇ ਬਨਵਾਰੀ ਕਸ਼ਯਪ (27) ਵਜੋਂ ਹੋਈ ਹੈ। ਦੋਵੇਂ ਨੌਜਵਾਨ ਦੋਸਤ ਸਨ। ਮ੍ਰਿਤਕ ਸੁਖਰਾਮ ਦੇ ਭਰਾ ਸੰਦੀਪ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਵੱਡਾ ਭਰਾ ਹੈ। ਉਹ ਵਿਸ਼ਵਕਰਮਾ ਕਲੋਨੀ ਵਿੱਚ ਰਹਿੰਦਾ ਹੈ। ਸੁਖਰਾਮ ਆਪਣੇ ਦੋਸਤ ਬਨਵਾਰੀ ਕਸ਼ਯਪ ਨਾਲ ਜ਼ਖ਼ਮ ’ਤੇ ਪੱਟੀ ਕਰਵਾਉਣ ਗਿਆ ਸੀ। ਪਿਤਾ ਨੂੰ ਘਰ ਛੱਡ ਕੇ ਦੋਵੇਂ ਨੌਜਵਾਨ ਮੋਟਰ ਸਾਈਕਲ ’ਤੇ ਚੀਮਾ ਚੌਕ ਵੱਲ ਚਲੇ ਗਏ ਸਨ।
ਸੰਦੀਪ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਐਂਬੂਲੈਂਸ ਡਰਾਈਵਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਸੁਖਰਾਮ ਅਤੇ ਬਨਵਾਰੀ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਬਨਵਾਰੀ ਦੀ ਮੌਤ ਹੋ ਚੁੱਕੀ ਸੀ। ਸੁਖਰਾਮ ਦੀ ਹਾਲਤ ਨਾਜ਼ੁਕ ਸੀ ਅਤੇ ਹਸਪਤਾਲ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਖਰਾਮ ਮੂਲ ਰੂਪ ਤੋਂ ਯੂਪੀ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਲੁਧਿਆਣਾ ਵਿੱਚ ਫੋਟੋਗ੍ਰਾਫਰ ਵਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਬਨਵਾਰੀ ਕਸ਼ਯਪ ਮੂਲ ਰੂਪ ਤੋਂ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਬਲੰਕਰ ਪਿੰਡ ਦਾ ਰਹਿਣ ਵਾਲਾ ਸੀ। ਦੋਵਾਂ ਨੌਜਵਾਨਾਂ ਦਾ ਅੱਜ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।