ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗਿਰਦਾਵਰੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਕਈ ਥਾਵਾਂ ‘ਤੇ ਪਾਣੀ ਹੇਠਾਂ ਉਤਰ ਆਇਆ ਹੈ। ਲਗਭਗ 2300 ਪਿੰਡਾਂ ਤੇ ਵਾਰਡਾਂ ਵਿਚ ਸਫਾਈ ਮੁਹਿੰਮ ਚਲਾਈ ਜਾਵੇਗੀ। ਸਰਕਾਰ ਹਰ ਪਿੰਡ ਵਿਚ ਜੇਸੀਬੀ ਤੇ ਲੇਬਰ ਦੀ ਵਿਵਸਥਾ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਕੇਂਦਰ ਸਰਕਾਰ ਤੋਂ ਕੋਈ ਭੀਖ ਨਹੀਂ ਮੰਗੀ ਤੇ ਨਾ ਹੀ ਮੰਗ ਰਿਹਾ ਹਾਂ, ਮੈਂ ਹਮੇਸ਼ਾ ਸਿਰਫ਼ ਪੰਜਾਬ ਦਾ ਹੱਕ ਮੰਗਿਆ ਹੈ ਅਤੇ ਹੁਣ ਓਹੀ ਮੰਗ ਰਿਹਾ ਹਾਂ। ਮੈਂ ਕੋਈ ਸਪੈਸ਼ਲ ਫੰਡ ਨਹੀਂ ਮੰਗਦਾ। ਜੀਐੱਸਟੀ ਫੰਡ ਦਿਓ। ਸਾਡਾ ਆਰਡੀਐੱਫ ਫੰਡ ਦਿਓ। ਵਿਧਾਨ ਸਭਾ ਵਿਚ ਐਕਟ ਵੀ ਪਾਸ ਕਰ ਦਿੱਤਾ ਫਿਰ ਵੀ ਸਾਡਾ ਹੱਕ ਰੋਕਿਆ ਹੋਇਆ ਹੈ। ਮਾਨ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਕਮੀ ਕਾਰਨ ਕੋਈ ਨਹੀਂ ਡਰਾ ਸਕਦਾ। ਅਸੀਂ ਪੰਜਾਬ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ। ਮੈਂ ਕਦੇ ਨਹੀਂ ਕਿਹਾ ਖਜਾਨਾ ਖਾਲੀ ਹੈ, ਨੀਅਤ ਸਾਫ਼ ਹੋਣੀ ਚਾਹੀਦੀ ਹੈ ਖਜਾਨੇ ਭਰੇ ਰਹਿੰਦੇ ਹਨ। ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੋਈ ਹੈ। ਕਿਸਾਨਾਂ ਦੇ ਖੇਤਾਂ ਵਿਚ ਪਾਣੀ ਪਹੁੰਚ ਰਿਹਾ ਹੈ। ਸਰਕਾਰ ਕਿਸੇ ਗਰੀਬ ਦਾ ਹੱਕ ਨਹੀਂ ਮਾਰਦੀ। ਪੰਜਾਬ ਵਿਚ ਸਭ ਤੋਂ ਜ਼ਰੂਰੀ ਸਕੂਲ ਤੇ ਮੁਹੱਲਾ ਕਲੀਨਿਕ ਹਨ ਜਿਨ੍ਹਾਂ ਨੂੰ ਸਹੀ ਤਰ੍ਹਾਂ ਨਾਲ ਚਲਾਇਆ ਜਾ ਰਿਹਾ ਹੈ। ਦੇਸ਼ ਦੇ ਨਾਲ ਹਮੇਸ਼ਾ ਪੰਜਾਬ ਖੜ੍ਹਾ ਹੈ ਪਰ ਹੁਣ ਦੇਸ਼ ਨੂੰ ਵੀ ਪੰਜਾਬ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।