ਪੰਜਾਬੀਆਂ ਦੀ ਦਿਨੋਂ ਦਿਨ ਜੀਵਨ ਸ਼ੈਲੀ ਵਿੱਚ ਬਦਲਾ ਹੋ ਰਿਹਾ ਹੈ। ਅੱਜ ਕੱਲ੍ਹ ਹਰ ਕੋਈ ਬਾਹਰਲਾ ਖਾਣਾ ਪਸੰਦ ਕਰਦਾ ਹੈ। ਪੰਜਾਬੀ ਹਰ ਸਾਲ ਛੇ ਹਜ਼ਾਰ ਕਰੋੜ ਰੁਪਏ ਖਾਣ ਪੀਣ ‘ਤੇ ਹੀ ਖਰਚ ਕਰ ਦਿੰਦੇ ਹਨ। ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਬਿੱਲ ਵੀ ਵਧੇਰੇ ਬਣ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਸਾਦਾ ਤੇ ਚੰਗਾ ਭੋਜਨ ਖਾਣਾ ਪਸੰਦ ਕਰਦੇ ਸਨ। ਪਰ ਅੱਜ ਦੇ ਮੌਡਰਨ ਜਮਾਨੇ ਵਿੱਚ ਹਰ ਕੋਈ Junk Food ਖਾਣ ਦਾ ਸ਼ੌਕੀਨ ਹੈ।
ਹੁਣ ਤਾਂ ਪਿੰਡਾਂ ਤੱਕ ਵੀ ਬਰਗਰ, ਪੀਜ਼ੇ ਦੀ ਡਿਮਾਂਡ ਹੋਣ ਲੱਗੀ ਹੈ। ਉੱਥੇ ਹੀ ਰਹਿੰਦੀ ਕਸਰ ਆਨਲਾਈਨ ਡਲਿਵਰੀ ਨੇ ਕੱਢ ਛੱਡੀ ਹੈ। ਹੁਣ ਤਾਂ ਮਿੰਟਾਂ ਸਕਿੰਟਾਂ ਵਿੱਚ ਹੀ ਭੋਜਨ ਘਰਾਂ ਵਿੱਚ ਪਹੁੰਚ ਜਾਂਦਾ ਹੈ। ਪੁਰਾਣੇ ਸਮਿਆਂ ਦੇ ਲੋਕ ਤਾਂ ਸੁੱਕੀ ਰੋਟੀ ਨਾਲ ਗੁੜ ਵੀ ਖਾ ਲੈਂਦੇ ਸਨ ਪਰ ਅੱਜ ਦੀ ਨਵੀਂ ਪੀੜੀ ਘਰੇ ਬਣਿਆ ਚੰਗਾ ਪਕਵਾਨ ਦੇਖ ਕੇ ਵੀ ਨੱਕ ਚਾੜਦੀ ਹੈ। ਸ਼ਾਇਦ ਇਨ੍ਹਾਂ ਨੂੰ ਮਾਵਾਂ ਦੇ ਹੱਥੋਂ ਬਣਿਆ ਭੋਜਨ ਸੁਆਦੀ ਨਹੀਂ ਜਾਪਦਾ। “ਮੱਕੀ ਦੀ ਰੋਟੀ,ਸਰੋਂ ਦਾ ਸਾਗ” ਛੱਡ ਕੇ ਨਵੀਂ ਪੀੜੀ ਬਰਗਰ, ਪੀਜ਼ੇ ਅਤੇ ਮੋਮੋਜ਼ ਖਾਣਾ ਜ਼ਿਆਦਾ ਪਸੰਦ ਕਰਦੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਲੋਕਾਂ ਨੇ ਸਾਲ 2017-18 ਤੋਂ ਲੈ ਕੇ ਸਤੰਬਰ 2024 ਤੱਕ ਪੂਰੇ 37,463 ਰੁਪਏ ਵੱਡੇ-ਵੱਡੇ ਹੋਟਲਾਂ-ਰੈਸਟੋਰੈਂਟਾਂ ਵਿੱਚ ਖਾਣ ਪੀਣ ‘ਤੇ ਖ਼ਰਚ ਕਰ ਦਿੱਤੇ। ਜਿਸ ਨਾਲ ਪੰਜਾਬ ਸਰਕਾਰ ਨੂੰ 740.20 ਕਰੋੜ ਟੈਕਸ ਵੀ ਪ੍ਰਾਪਤ ਹੋਇਆ ਹੈ। ਸਾਲ 2018-19 ਵਿੱਚ ਖਾਣ ਪੀਣ ‘ਤੇ ਲੋਕਾਂ ਨੇ 3400.04 ਕਰੋੜ ਰੁਪਏ ਖਰਚ ਕਰ ਦਿੱਤੇ। ਉੱਥੇ ਹੀ ਪੰਜਾਬ ਦੇ ਲੋਕਾਂ ਦਾ ਸਾਲ 2020-21 ਵਿੱਚ ਬਾਹਰਲੀਆਂ ਖਾਣ-ਪੀਣ ਦੀਆਂ ਵਸਤਾਂ ‘ਤੇ ਖਰਚਾ 2690.34 ਕਰੋੜ ਰਿਹਾ। ਜੇਕਰ ਗੱਲ ਕਰੀਏ ਸਾਲ 2022 ਅਤੇ 2023 ਦੀ ਤਾਂ ਲੋਕਾਂ ਵੱਲੋਂ 5804.71 ਕਰੋੜ ਰੁਪਏ ਬਾਹਰੋਂ ਖਾਣ ਵਿੱਚ ਖ਼ਰਚ ਕਰ ਦਿੱਤੇ ਗਏ। ਇਸ ਦੇ ਨਾਲ ਹੀ ਸਾਲ 2023 ਅਤੇ 2024 ਵਿੱਚ ਪੰਜਾਬ ਦੇ ਲੋਕਾਂ ਦੇ 6601.26 ਕਰੋੜ ਰੁਪਏ Junk Food ਖਾਣ ‘ਤੇ ਖ਼ਰਚ ਹੋਏ।
ਲਗਾਤਾਰ ਹਰ ਸਾਲ ਪੰਜਾਬ ਦੇ ਹੋਟਲਾਂ-ਰੈਸਟੋਰੈਂਟਾਂ ‘ਤੇ ਖਾਣ ਪੀਣ ਦਾ ਖ਼ਰਚਾ ਵੱਧ ਰਿਹਾ ਹੈ। ਇਹ ਖਰਚਾ ਸਿਰਫ ਉਹ ਹੈ ਜਿਸ ਨਾਲ ਹੋਟਲਾਂ-ਰੈਸਟੋਰੈਂਟਾਂ ਦੇ ਮਾਲਕ ਟੈਕਸ ਉਤਾਰਦੇ ਹਨ। ਬਿਨਾਂ ਟੈਕਸ ਤੋਂ ਖਰਚਾ ਜੋੜੀਏ ਤਾਂ ਵੱਡਾ ਅੰਕੜਾ ਬਣ ਜਾਂਦਾ ਹੈ। ਇਸ ਦੇ ਨਾਲ ਹੀ ਜੇ ਗੱਲ ਕਰੀਏ ਛੋਟੇ ਢਾਬਿਆਂ ਦੀ ਤਾਂ ਉਹ ਕੋਈ ਟੈਕਸ ਉਤਾਰਦੇ ਹੀ ਨਹੀਂ। ਪੰਜਾਬ ਦੇ 10,379 ਡੀਲਰ ਹੀ ਟੈਕਸ ਉਤਾਰਦੇ ਹਨ। ਮੋਹਾਲੀ ਵਿੱਚ ਸਭ ਤੋਂ ਵੱਧ 2951 ਮਾਲਕ ਟੈਕਸ ਭਰਦੇ ਹਨ। ਉੱਥੇ ਹੀ ਲੁਧਿਆਣਾ ਵਿੱਚ 1380 ਹੋਟਲਾਂ ਦੇ ਮਾਲਕ ਅਤੇ ਅੰਮ੍ਰਿਤਸਰ ਵਿੱਚ 1379 ਮਾਲਕ ਟੈਕਸ ਉਤਾਰਦੇ ਹਨ।
ਪੰਜਾਬ ‘ਚ ਖਾਣ ਪੀਣ ਦਾ ਰੁਝਾਨ ਜ਼ਿਲ੍ਹਾ ਵਾਈਜ਼ ਦੇਖੀਏ ਤਾਂ ਮੁਹਾਲੀ ਦਾ ਨੰਬਰ ਸਿਖਰ ‘ਤੇ ਹੈ ਜਿੱਥੇ ਇੱਕ ਸਾਲ ਦੌਰਾਨ 878.8 ਕਰੋੜ ਰੁਪਏ ਲੋਕਾਂ ਨੇ ਖਾਣ ਪੀਣ ‘ਤੇ ਖ਼ਰਚ ਕੀਤੇ ਹਨ। ਦੂਜਾ ਨੰਬਰ ਅੰਮ੍ਰਿਤਸਰ ਦਾ ਹੈ ਜਿੱਥੇ ਲੋਕਾਂ ਨੇ ਖਾਣ ਪੀਣ ‘ਤੇ 625 ਕਰੋੜ ਰੁਪਏ ਇੱਕ ਸਾਲ ‘ਚ ਖ਼ਰਚ ਕੀਤੇ ਹਨ। ਇਸੇ ਤਰ੍ਹਾਂ ਲੁਧਿਆਣਾ ਦੀ ਗੱਲ ਕਰੀਏ ਤਾਂ 594 ਕਰੋੜ ਦਾ ਕਾਰੋਬਾਰ ਅਤੇ ਪਟਿਆਲਾ ਜ਼ਿਲ੍ਹੇ ਵਿਚ 155.6 ਕਰੋੜ ਦਾ ਕਾਰੋਬਾਰ ਹੋਇਆ ਹੈ। ਸੋਸ਼ਲ ਮੀਡੀਆ ਕਾਰਨ ਵੀ ਬਾਹਰ ਦੇ ਖਾਣਿਆਂ ਪ੍ਰਤੀ ਲੋਕਾਂ ਦੀ ਖਿੱਚ ਵਧੀ ਹੈ।