Friday, January 24, 2025
spot_img

ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਡੇਅਰੀਆਂ ‘ਤੇ ਹੁਣ ਹੋਵੇਗੀ ਵੱਡੀ ਕਾਰਵਾਈ, ਸਾਂਸਦ ਸੀਚੇਵਾਲ ਨੇ ਦਿੱਤਾ ਆਹ ਆਦੇਸ਼ !

Must read

ਲੁਧਿਆਣਾ, 21 ਅਗਸਤ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਉਨ੍ਹਾਂ ਡੇਅਰੀਆਂ ਤੇ ਵਾਤਾਵਰਣ ਮੁਆਵਜ਼ਾ (ਜ਼ੁਰਮਾਨਾ) ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਬੁੱਢੇ ਦਰਿਆ ਵਿੱਚ ਪਸ਼ੂਆਂ ਦਾ ਗੋਬਰ ਸੁੱਟ ਕੇ ਪ੍ਰਦੂਸ਼ਿਤ ਕਰ ਰਹੀਆਂ ਹਨ।

ਬੁੱਢਾ ਦਰਿਆ ਦੇ ਪੁਨਰ ਸੁਰਜੀਤੀ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਪੀ.ਪੀ.ਸੀ.ਬੀ., ਡਰੇਨੇਜ, ਪੇਂਡੂ ਵਿਕਾਸ ਅਤੇ ਹੋਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ, ਰਾਜ ਸਭਾ ਮੈਂਬਰ ਸੀਚੇਵਾਲ ਨੇ ਬੁੱਢਾ ਦਰਿਆ ਦੀ ਸਫਾਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਦੀ ਸਫਾਈ ਲਈ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਬੁੱਢਾ ਦਰਿਆ ਦੇ ਕਿਨਾਰਿਆਂ ‘ਤੇ ਪਸ਼ੂ ਚਰਾਉਣ ‘ਤੇ ਪਾਬੰਦੀ ਲਗਾਉਣ ਜਿੱਥੇ ਹਾਲ ਹੀ ਦੇ ਮਹੀਨਿਆਂ ਵਿੱਚ ਬੂਟੇ ਲਗਾਏ ਗਏ ਹਨ।

ਐਮ.ਪੀ. ਸੀਚੇਵਾਲ ਨੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਡਾਇੰਗ ਉਦਯੋਗ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਅਣਸੋਧਿਆ ਪਾਣੀ ਨਿਗਮ ਦੀਆਂ ਸੀਵਰ ਲਾਈਨਾਂ ਵਿੱਚ ਪਾ ਰਹੇ ਹਨ। ਉਨ੍ਹਾ ਅਧਿਕਾਰੀਆਂ ਨੂੰ ਬੁੱਢਾ ਦਰਿਆ ਵਿੱਚ ਖਤਰਨਾਕ ਭਾਰੀ ਧਾਤਾਂ ਛੱਡਣ ਵਾਲੀਆਂ ਇਕਾਈਆਂ ਦੀ ਪਛਾਣ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ। ਬੁੱਢਾ ਦਰਿਆ ਮੁੜ-ਸੁਰਜੀਤੀ ਪ੍ਰੋਜੈਕਟ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.), ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਆਦਿ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਸਦ ਮੈਂਬਰ ਸੀਚੇਵਾਲ ਨੂੰ ਦੱਸਿਆ ਕਿ ਬੁੱਢੇ ਦਰਿਆ ਵਿੱਚ ਪਸ਼ੂਆਂ ਦਾ ਗੋਹਾ ਸੁੱਟਣ ਵਾਲੀਆਂ ਡੇਅਰੀਆਂ ਵਿਰੁੱਧ ਪਹਿਲਾਂ ਹੀ 70 ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਬਿਜਲੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਉਨ੍ਹਾਂ ਨਗਰ ਨਿਗਮ  ਅਤੇ ਪੀ.ਪੀ.ਸੀ.ਬੀ. ਨੂੰ ਡਿਫਾਲਟਰ ਡੇਅਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਬਾਅਦ ਵਿੱਚ ਕਾਨੂੰਨ ਅਨੁਸਾਰ ਵਾਤਾਵਰਣ ਮੁਆਵਜ਼ਾ ਲਾਗੂ ਕਰਨ ਲਈ ਵੀ ਕਿਹਾ।

ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਕਾਲੀ ਵੇਈਂ ਵਾਂਗ ਬੁੱਢਾ ਦਰਿਆ ਵੀ ਸਾਡੀ ਵਿਰਾਸਤ ਦਾ ਹਿੱਸਾ ਹੈ ਅਤੇ ਇਸਦੀ ਧਾਰਮਿਕ ਮਹੱਤਤਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਗਊਘਾਟ ਨੇੜੇ ਦਰਿਆ ਅਸਥਾਨ ‘ਤੇ ਚਰਨ ਪਾਏ ਸਨ। ਦਰਿਆ ਵਿੱਚ ਕੂੜਾ-ਕਰਕਟ ਸੁੱਟਣ ਵਾਲੇ ਵਸਨੀਕ ਘਿਨਾਉਣੇ ਅਪਰਾਧ ਕਰ ਰਹੇ ਹਨ ਕਿਉਂਕਿ ਬੁੱਢਾ ਦਰਿਆ ਸਤਲੁਜ ਦਰਿਆ ਵਿੱਚ ਰਲ ਜਾਂਦਾ ਹੈ, ਜੋਕਿ ਰਾਜਸਥਾਨ ਦੇ ਨਾਲ ਪੰਜਾਬ ਦੇ ਵੱਡੀ ਗਿਣਤੀ ਵਿੱਚ ਵਸਨੀਕਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੈ। ਰਾਜ ਸਭਾ ਮੈਂਬਰ ਸੀਚੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਸਮਰਪਿਤ ਹੈ ਅਤੇ ਬੁੱਢੇ ਦਰਿਆ ਦੀ ਸਫਾਈ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article