ਲੁਧਿਆਣਾ, 25 ਅਕਤੂਬਰ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਅਜੀਤ ਪਵਾਰ ਧੜੇ ਦੇ ਵੱਡੇ ਨੇਤਾ ਦੇ ਨਾਲ-ਨਾਲ ਬਾਲੀਵੁੱਡ ’ਚ ਚੰਗਾ ਪ੍ਰਭਾਵ ਰੱਖਣ ਵਾਲੇ ਬਾਬਾ ਸਿੱਦੀਕੀ ਕਤਲ ਕਾਂਡ ਦਾ ਲੁਧਿਆਣਾ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਅਤੇ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਤੋਂ ਮਿਲੇ ਇਨਪੁਟਸ ਤੋਂ ਬਾਅਦ ਸੀ.ਆਈ.ਏ 2 ਦੀ ਟੀਮ ਨੇ ਕਤਲ ਕਾਂਡ ’ਚ ਸ਼ਾਮਿਲ ਮੁੰਬਈ ਦੇ ਗਾਟਕੋਪਰ ਕਾਮਰਾਜ ਨਗਰ ਇਲਾਕੇ ਦੇ ਰਹਿਣ ਵਾਲੇ ਮੁਲਜ਼ਮ ਸੁਜੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਸੁਜੀਤ ਕੁਮਾਰ ਮੁੰਡੀਆਂ ਦੇ ਰਾਮ ਨਗਰ ਇਲਾਕੇ ਵਿੱਚ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਏਡੀਸੀਪੀ ਅਮਨਦੀਪ ਸਿੰਘ ਬਰਾੜ ਦੀ ਅਧਿਕਾਰੀਆਂ ਨੇ ਡਿਊਟੀ ਲਗਾਈ ਤਾਂ ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਮੁਲਜ਼ਮ ਜਿਸ ਜਗ੍ਹਾ ਆਇਆ ਸੀ ਉਸ ਇਲਾਕੇ ਦੀ ਘੇਰਾਬੰਦੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੁਜੀਤ ਕੁਮਾਰ ਨੇ ਬਾਬਾ ਸਿੱਦੀਕੀ ਦੀ ਸਾਰੀ ਰੇਕੀ ਕਰਨ ਵਾਲੇ ਮੁਲਜ਼ਮ ਨਿਤਿਨ ਦੇ ਖਾਤੇ ’ਚ ਪੈਸੇ ਜਮਾ ਕਰਵਾਏ ਸਨ। ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸ਼ਿਆਮ ਨਾਇਰ ਅਤੇ ਇੰਸਪੈਕਟਰ ਅਰੁਣ ਥੋਰਾ ਪਹੁੰਚੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਇਨਪੁਟਸ ਅਤੇ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਕੈਲਾਸ਼ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ ਦੀ ਟੀਮ ਨੂੰ ਇਨਪੁਟਸ ਮਿਲੇ ਸੀ ਕਿ ਮੁਲਜ਼ਮ ਸੁਜੀਤ ਸਿੰਘ ਇਸ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ ਅਤੇ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਸ਼ਾਮਿਲ ਹੈ। ਮੁਲਜ਼ਮ ਬਾਰੇ ਵਿੱਚ ਜਾਣਕਾਰੀ ਮਿਲੀ ਸੀ ਕਿ ਉਹ ਮੁੰਡੀਆਂ ਦੇ ਰਾਮਨਗਰ ਇਲਾਕੇ ਵਿੱਚ ਸਥਿਤ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਪੂਰੀ ਯੋਜਨਾ ਬਣਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਹਵਾਲੇ ਕਰ ਦਿੱਤਾ ਅਤੇ ਤੁਰੰਤ ਉੱਚ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ।