ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ‘ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਫ਼ੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। ਜਿਸ ਵਿਚ 4 ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ ਕੋਈ ਹੋਰ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਸਾਂਝੇ ਤੌਰ ‘ਤੇ ਮਾਮਲੇ ਦੀ ਜਾਂਚ ਕਰਨਗੀਆਂ। ਐਸਐਸਪੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਜਾ ਰਿਹਾ ਹੈ। ਫ਼ੌਜ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ। ਇਸ ਵਿੱਚ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਗੁੰਮ ਹੋਈ ਇਨਸਾਸ ਰਾਈਫਲ ਅਤੇ ਗੋਲੀਆਂ ਦਾ ਐਂਗਲ ਵੀ ਸ਼ਾਮਲ ਹੈ। ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਬਾਰੇ ਫੌਜ ਤੋਂ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਪੁਲੀਸ ਤੋਂ ਵੀ ਰਿਪੋਰਟ ਮੰਗੀ ਹੈ। ਫੌਜੀਆਂ ਦੇ ਪਰਿਵਾਰ ਵੀ ਆਰਮੀ ਛਾਉਣੀ ਦੇ ਅੰਦਰ ਹੀ ਰਹਿੰਦੇ ਹਨ। ਘਟਨਾ ਤੋਂ ਬਾਅਦ ਫੌਜ ਨੇ ਸਾਰਿਆਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਹੈ। ਛਾਉਣੀ ਦੇ ਅੰਦਰ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ।