ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਚ ਹੋਵੇਗਾ ਦੁਪਹਿਰ ਇੱਕ ਵਜੇ ਸਸਕਾਰ
ਦਿ ਸਿਟੀ ਹੈੱਡਲਾਈਨ
ਲੁਧਿਆਣਾ, 29 ਜੁਲਾਈ
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ Surinder Shinda ਅੱਜ ਬਾਅਦ ਦੁਪਹਿਰ ਫੁੱਲਾਂ ਨਾਲ ਸਜੇ ਟਰੱਕ ਵਿੱਚ ਆਪਣੇ ਆਖ਼ਰੀ ਸਫ਼ਰ ’ਤੇ ਨਿਕਲਣਗੇ, ਬਾਅਦ ਦੁਪਹਿਰ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਛਿੰਦਾ ਦੀ ਅੰਤਿਮ ਯਾਤਰਾ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਉਸ ਟਰੱਕ ਦੇ ਅੱਗੇ ਛਿੰਦੇ ਦੀ ਤਸਵੀਰ ਵੀ ਲਗਾਈਆਂ ਗਈਆਂ ਹਨ। ਛਿੰਦਾ ਦੇ ਸਮਰਥਕ ਉਨ੍ਹਾਂ ਨੂੰ ਖੁੱਲ੍ਹੇ ਟਰੱਕ ’ਚ ਆਖਰੀ ਵਾਰ ਦੇਖ ਸਕਣਗੇ।
ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪੰਜਾਬੀ ਲੋਕ ਗਾਇਕ ਵੱਡੀ ਗਿਣਤੀ ’ਚ ਅੰਤਿਮ ਸੰਸਕਾਰ ’ਚ ਪਹੁੰਚਣਗੇ। ਛਿੰਦਾ ਨੇ 26 ਜੁਲਾਈ ਬੁੱਧਵਾਰ ਨੂੰ DMC ਹਸਪਤਾਲ ਵਿੱਚ ਆਖਰੀ ਸਾਹ ਲਿਆ। ਛਿੰਦਾ ਦਾ ਬੇਟਾ ਸਿਮਰਨ ਅਤੇ ਬੇਟੀ ਵਿਦੇਸ਼ ਵਿਚ ਰਹਿੰਦੇ ਹਨ।ਜਿਸ ਕਾਰਨ ਉਨ੍ਹਾਂ ਦੀ ਮੌਤ ਦੇ 3 ਦਿਨ ਬਾਅਦ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਛਿੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਲੋਕ ਗਾਇਕਾਂ ਵਿੱਚ ਸੋਗ ਦੀ ਲਹਿਰ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਇਸ ਮਹਾਨ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਬੁੱਧਵਾਰ ਤੋਂ ਹੀ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਵਾਲੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਛਿੰਦਾ ਰਹੇ ਕਈ ਦਿਨ ਵੈਂਟੀਲੇਟਰ ’ਤੇ
ਸੁਰਿੰਦਰ ਛਿੰਦਾ ਦੀ 26 ਜੁਲਾਈ ਬੁੱਧਵਾਰ ਨੂੰ ਲੁਧਿਆਣਾ ਦੇ DMC Hospital ਵਿੱਚ ਮੌਤ ਹੋ ਗਈ ਸੀ। ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਛਿੰਦਾ ਨੇ ORISON Hospital ’ਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਸਰੀਰ ’ਚ ਇਨਫੈਕਸ਼ਨ ਵਧ ਗਈ ਸੀ। ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਛਿੰਦਾ ਨੂੰ ਪਹਿਲਾਂ ਲੁਧਿਆਣਾ ਦੇ DEEP Hospital ’ਚ ਵੀ ਕਈ ਦਿਨਾਂ ਤੋਂ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਕਾਰਨ ਉਸ ਨੂੰ DMC ਵਿੱਚ ਵੀ ਕਈ ਦਿਨ ਇਲਾਜ ਚੱਲਿਆ। ਆਖਰ ਛਿੰਦਾ ਜ਼ਿੰਦਗੀ ਦੀ ਲੜਾਈ ਹਾਰ ਗਏ ਸਨ। ਛਿੰਦਾ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਛਿੰਦਾ, ਸਿਮਰਨ ਛਿੰਦਾ ਅਤੇ ਦੋ ਧੀਆਂ ਛੱਡ ਗਏ ਹਨ।