ਲੁਧਿਆਣਾ, 2 ਅਗਸਤ : ਅੱਜ ਇੱਥੇ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਮੁਸਲਮਾਨਾਂ ਵੱਲੋਂ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਦੇ ਨਾਂਅ ਇੱਕ ਮੰਗ ਪੱਤਰ ਜਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਸੋਂਪਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਫਲਸਤੀਨ ‘ਚ ਅੱਤਵਾਦੀ ਇਜ਼ਰਾਈਲ ਜੰਗ ਦੇ ਨਾਂਅ ‘ਤੇ ਨਰਸੰਘਾਰ ਕਰ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਜ਼ਰਾਈਲ ਨੇ ਹੁਣ ਤੱਕ ਹਜ਼ਾਰਾਂ ਨਿਰਦੋਸ਼ ਬੱਚਿਆਂ ਦੀ ਜਾਨ ਲਈ ਹੈ, ਨਿਹੱਥੇ ਫਲਸਤੀਨੀ ਨਾਗਰਿਕਾਂ ‘ਤੇ ਵੀ ਬੰਬ ਸੁੱਟੇ ਜਾ ਰਹੇ ਹਨ ਅਤੇ ਇਜ਼ਰਾਈਲ ਯੁੱਧ ਦੇ ਕਾਨੂੰਨ ਦੀ ਉਲੰਘਣਾ ਕਰਕੇ ਮਨੁੱਖਤਾ ਵਿਰੁੱਧ ਨਿਰੰਤਰ ਨੰਗਾ ਨਾਚ ਕਰ ਰਿਹਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੇ ਮੁਸਲਮਾਨ ਇਜ਼ਰਾਈਲ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਵਿਸ਼ਵ ਭਾਈਚਾਰਾ ਇਸ ਮਾਮਲੇ ‘ਚ ਆਪਣੀ ਚੁੱਪੀ ਤੋੜੇ।
ਸ਼ਾਹੀ ਇਮਾਮ ਨੇ ਕਿਹਾ ਕਿ ਫਲਸਤੀਨ ਉੱਥੇ ਰਹਿਣ ਵਾਲੇ ਲੋਕਾਂ ਦਾ ਹੱਕ ਹੈ, ਜਿਸ ਨੂੰ ਬਾਹਰੋਂ ਆਏ ਯਹੂਦੀਆਂ ਨੇ ਲੁੱਟਿਆ ਅਤੇ ਇਜ਼ਰਾਈਲ ਦਾ ਘਿਣਾਉਣਾ ਚਿਹਰਾ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਗਿਆ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਹਮੇਸ਼ਾ ਸੱਚ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਫਲਸਤੀਨ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਿਰਫ ਦੇਸ਼ ਦੇ ਮੁਸਲਮਾਨ ਹੀ ਨਹੀਂ, ਬਲਕਿ ਦੇਸ਼ ਦੇ ਸਾਰੇ ਇਨਸਾਫ-ਪਸੰਦ ਲੋਕ ਚਾਹੁੰਦੇ ਹਨ ਕਿ ਭਾਰਤ ਸਰਕਾਰ ਇਜ਼ਰਾਈਲ ਦੇ ਅੱਤਵਾਦੀ ਰਵੱਈਏ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇ ਅਤੇ ਮਜਲੂਮ ਫਲਸਤੀਨੀਆਂ ਦੀ ਮਦਦ ਕਰੇ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪੱਛਮੀ ਮੀਡੀਆ ਆਪਣੇ ਵਤਨ ਲਈ ਲੜਨ ਵਾਲਿਆਂ ਨੂੰ ਅੱਤਵਾਦੀ ਦੱਸਦਾ ਹੈ। ਉਨ੍ਹਾਂ ਕਿਹਾ ਕਿ ਹਮਾਸ ਨੇਤਾ ਇਸਮਾਈਲ ਹਾਨੀਆ ਦੀ ਸ਼ਹਾਦਤ ਫਲਸਤੀਨ ਦੀ ਸਥਾਪਨਾ ਲਈ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਭਾਰਤ ਦੇ ਕੂਟਨੀਤਕ ਸਬੰਧ ਪੂਰੀ ਦੁਨੀਆ ‘ਚ ਬਹੁਤ ਸਫਲਤਾਪੂਰਵਕ ਸਥਾਪਤ ਹੋਏ ਹਨ, ਜੇਕਰ ਸਰਕਾਰ ਇਨ੍ਹਾਂ ਸਬੰਧਾਂ ਨੂੰ ਫਲਸਤੀਨ ਦੇ ਮੁੱਦੇ ਲਈ ਵਰਤਦੀ ਹੈ ਤਾਂ ਭਾਰਤ ਇੱਕ ਵਾਰ ਫਿਰ ਵਿਸ਼ਵ ‘ਚ ਸ਼ਾਂਤੀ ਸਥਾਪਤ ਕਰਨ ‘ਚ ਆਪਣੀ ਜਗ੍ਹਾ ਬਣਾ ਲਵੇਗਾ।