Monday, December 23, 2024
spot_img

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ, ਪਰਾਲੀ ਨਾ ਸਾੜਨ ਵਾਲੇ ਦੋ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦਾ ਹੋਵੇਗਾ ਸਨਮਾਨ !

Must read

ਪਟਿਆਲਾ, 7 ਸਤੰਬਰ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ‘ਨੀਲੇ ਅਸਮਾਨ ਲਈ ਸ਼ੁੱਧ ਹਵਾ ਦਾ ਅੰਤਰਾਸ਼ਟਰੀ ਦਿਵਸ’ ਮੌਕੇ ਜੌੜਾਮਾਜਰਾ ਨੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ। ਕੈਬਨਿਟ ਮੰਤਰੀ ਜੌੜਾਮਾਜਰਾ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇਥੇ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਜ਼ਿਲ੍ਹੇ ਦੇ ਪਰਾਲੀ ਨਾ ਸਾੜਨ ਵਾਲੇ ਦੋ ਏਕੜ ਤੋਂ ਘੱਟ ਜਮੀਨ ਵਾਲੇ 150 ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਮੌਜੂਦ ਸਨ।
ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਅੰਦਰ ਵਾਤਾਵਰਣ ਸੁਧਾਰ ਲਈ ਅਨੇਕਾਂ ਠੋਸ ਕਦਮ ਉਠਾਏ ਹਨ। ਜੌੜਾਮਾਜਰਾ ਨੇ ਸਮਾਣਾ ਵਿਖੇ ਪਰਾਲੀ ਤੋਂ ਪੈਲੇਟਸ ਬਣਾਉਣ ਵਾਲੀ ਲਗਾਈ ਗਈ ਇੰਡਸਟਰੀ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਪੰਜਾਬ ਭਰ ‘ਚ ਪਰਾਲੀ ਨੂੰ ਬਿਨ੍ਹਾਂ ਸਾੜੇ ਖੇਤਾਂ ਵਿੱਚੋ ਇਕੱਠੀ ਕਰਕੇ ਇਸਦੀ ਬਾਲਣ ਵਜੋਂ ਅਤੇ ਹੋਰਨਾਂ ਕੰਮਾਂ ਲਈ ਵਰਤੋਂ ਦੀ ਇੰਡਸਟਰੀ ਵੱਡੇ ਪੱਧਰ ‘ਤੇ ਲਗਾਈ ਜਾ ਰਹੀ ਹੈ।
ਜੌੜਾਮਾਜਰਾ ਨੇ ਕਿਹਾ ਕਿ ਕਿਸਾਨ ਪਰਾਲੀ ਦੀ ਅਹਿਮੀਅਤ ਸਮਝਣ ਤੇ ਇਸ ਨੂੰ ਅੱਗ ਨਾ ਲਗਾਉਣ। ਉਨ੍ਹਾਂ ਨੇ ਇਸ ਗੱਲ ‘ਤੇ ਤਸੱਲੀ ਦਾ ਵੀ ਇਜ਼ਹਾਰ ਕੀਤਾ ਕਿ ਪਿਛਲੇ ਸਾਲਾਂ ਨਾਲੋਂ ਲੰਘੇ ਸੀਜਨ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਘੱਟ ਅੱਗ ਲਗਾਈ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਸਦਕਾ ਆਉਂਦੇ ਸੀਜਨ ਵਿੱਚ ਪਰਾਲੀ ਬਿਲਕੁਲ ਵੀ ਨਹੀਂ ਸੜੇਗੀ।
ਚੇਤਨ ਸਿੰਘ ਜੌੜਾਮਾਜਰਾ ਨੇ ਘੱਟ ਜਮੀਨ ਵਾਲੇ ਛੋਟੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸਮੇਂ ਦੇ ਹਾਣੀ ਬਣਕੇ ਜਿੱਥੇ ਖ਼ੁਦ ਦੇ ਟ੍ਰੈਕਟਰ ਤੇ ਹੋਰ ਵੱਡੇ ਖੇਤੀ ਸੰਦ ਖਰੀਦਣ ਤੋਂ ਗੁਰੇਜ ਕਰਨ ਉਥੇ ਹੀ ਆਪਣੀਆਂ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਕੇ ਉਥੋਂ ਦੇ ਖੇਤੀ ਸੰਦ ਵਰਤਣ।
ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ‘ਚ ਬਹੁਤ ਚੰਗੀਆਂ ਚੱਲ ਰਹੀਆਂ ਸਹਿਕਾਰੀ ਸਭਾਵਾਂ ਦੀਆਂ ਕਈ ਮਿਸਾਲਾਂ ਹਨ, ਜਿਥੇ ਇਨ੍ਹਾਂ ਸਹਿਕਾਰੀ ਸਭਾਵਾਂ ਨੇ ਕਾਫ਼ੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ-ਡੇਢ ਜਾਂ ਦੋ ਕਿੱਲੇ ਵਾਲੇ ਕਿਸਾਨ ਕਣਕ-ਝੋਨੇ ਦੇ ਚੱਕਰ ‘ਚੋਂ ਨਿਕਲ ਕੇ ਆਪਣੇ ਗਰੁੱਪ ਬਣਾਉਣ, ਬਾਗਬਾਨੀ ਅਪਨਾਉਣ, ਪੌਲੀ ਹਾਊਸ ਬਣਾਉਣ ਤੇ ਸਰਕਾਰੀ ਸਬਸਿਡੀ ਦਾ ਵੀ ਲਾਭ ਉਠਾਉਣ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਆਪਣੇ ਖੇਤਾਂ ਤੇ ਮੋਟਰਾਂ ਵਿਖੇ ਵੱਧ ਤੋਂ ਵੱਧ ਬੂਟੇ ਲਾਉਣੇ ਯਕੀਨੀ ਬਣਾਉਣ।
ਇਸ ਮੌਕੇ ਇੰਪਰੂਵਮੈਂਟ ਟਰਸਟ ਨਾਭਾ ਦੇ ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ, ਏ.ਐਸ.ਪੀ. ਵੈਭਵ ਚੌਧਰੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ, ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ, ਡੀ.ਡੀ.ਐਫ. ਨਿਧੀ ਮਲਹੋਤਰਾ, ਸੁਰਜੀਤ ਸਿੰਘ ਫੌਜੀ ਅਤੇ ਗਿਣਤੀ ‘ਚ ਕਿਸਾਨ ਅਤੇ ਵਿਦਿਆਰਥੀ ਵੀ ਮੌਜੂਦ ਸਨ।
ਸਮਾਰੋਹ ਦੌਰਾਨ ਖੇਤੀਬਾੜੀ ਇੰਜੀਨੀਅਰ ਪ੍ਰਭਦੀਪ ਸਿੰਘ ਨੇ ਪਰਾਲੀ ਦੀ ਸੰਭਾਲ ਲਈ ਪਟਿਆਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪੇਸ਼ਕਾਰੀ ਦਿੱਤੀ। ਮੁਕਤੇਸ਼ ਚੌਧਰੀ ਨੇ ਸਾਫ਼ ਹਵਾ ਦੇ ਕੌਮਾਂਤਰੀ ਦਿਵਸ ਦੀ ਜਾਣਕਾਰੀ ਦਿੱਤੀ। ਦੀ ਮਿਲੇਨੀਅਮ ਸਕੂਲ ਦੇ ਵਿਦਿਆਰਥਣ ਜਪਨੂਰ ਕੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ ਵੀ ਵਾਤਾਵਰਣ ਸਬੰਧੀ ਭਾਸ਼ਣ ਪੇਸ਼ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article