ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸੂਬੇ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ, ਜੋ ਕਿ 1 ਮਾਰਚ ਤੋਂ ਲਾਗੂ ਹੋਵੇਗਾ। ਸਿੱਖਿਆ ਵਿਭਾਗ ਦੇ ਪੱਤਰ ਮੁਤਾਬਕ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ।
ਜਾਰੀ ਕੀਤੇ ਗਏ ਟਾਈਮ ਟੇਬਲ ਮੁਤਾਬਕ ਮਾਰਨਿੰਗ ਅਸੈਂਬਲੀ ਸਵੇਰੇ 8.30 ਵਜੇ ਹੋਵੇਗੀ। ਸਕੂਲ ਵਿੱਚ ਪਹਿਲਾ ਪੀਰੀਅਡ 8.55 ਤੋਂ 9.35 ਤੱਕ, ਦੂਜਾ 9.35 ਤੋਂ 10.15 ਤੱਕ, ਤੀਜਾ 10.15 ਤੋਂ 10.55 ਤੱਕ, ਚੌਥਾ 10.55 ਤੋਂ 11.35 ਤੱਕ ਜਦਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ। ਇਸ ਤੋਂ ਬਾਅਦ ਅੱਧੀ ਛੁੱਟੀ ਹੋਵੇਗੀ, ਜਿਸ ਵਿੱਚ ਬੱਚੇ ਖਾਣ-ਪੀਣ ਦਾ ਸਮਾਨ ਲੈ ਸਕਦੇ ਹਨ, ਜੋ ਕਿ 12.15 ਤੋਂ 12.50 ਤੱਕ ਚੱਲੇਗੀ। 6ਵਾਂ ਪੀਰੀਅਡ 12.50 ਤੋਂ 1.30 ਤੱਕ ਚੱਲੇਗਾ, 7ਵਾਂ ਪੀਰੀਅਡ 1.30 ਤੋਂ 2.10 ਤੱਕ, 8ਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ। ਭਾਵ 2.50 ਵਜੇ ਛੁੱਟੀ ਹੋਵੇਗੀ।
ਠੰਢ ਕਰਕੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਹੁੰਦਾ ਹੈ। ਹਾਲਾਂਕਿ ਇਨ੍ਹੀ ਦਿਨੀਂ ਵਧੇਰੇ ਸਕੂਲਾਂ ਵਿਚ ਪੇਪਰ ਚੱਲ ਰਹੇ ਹਨ ਜਾਂ ਸ਼ੁਰੂ ਹੋਣ ਵਾਲੇ ਹਨ, ਜਿਸ ਕਰਕੇ ਸਕੂਲਾਂ ਦੀ ਟਾਈਮਿੰਗ ਘੱਟ ਹੀ ਹੁੰਦੀ ਹੈ। ਦੂਜੇ ਪਾਸੇ ਗੱਲ ਕਰੀਏ ਮੌਸਮ ਦੀ ਤਾਂ ਹੁਣ ਮੌਸਮ ਵਿਚ ਕਾਫੀ ਫਰਕ ਪੈ ਚੁੱਕਾ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਨੇ 26 ਤੋਂ 28 ਫਰਵਰੀ ਤੱਕ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੜੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਵਿਭਾਗ ਨੇ ਇਨ੍ਹਾਂ ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ 1 ਮਾਰਚ ਨੂੰ ਵੀ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।