ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਬੀਤੀ ਰਾਤ ਅੱਤਵਾਦੀ ਹਮਲਾ ਹੋਇਆ। ਈ-ਰਿਕਸ਼ਾ ਵਿੱਚ ਉਸਦੇ ਘਰ ਦੇ ਸਾਹਮਣੇ ਪਹੁੰਚੇ ਕੁੱਝ ਲੋਕਾਂ ਨੇ ਉਨ੍ਹਾਂ ਨੇ ਘਰ ਦੇ ਅੰਦਰ ਗ੍ਰਨੇਡ ਸੁੱਟਿਆ, ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਹਮਲੇ ਸਮੇਂ ਸਾਬਕਾ ਮੰਤਰੀ ਆਪਣੇ ਘਰ ਵਿੱਚ ਸੌਂ ਰਹੇ ਸਨ। ਉਨ੍ਹਾਂ ਦੇ ਨਾਲ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਇਸ ਧਮਾਕੇ ਨਾਲ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਬਹੁਤ ਤਬਾਹੀ ਹੋਈ ਹੈ। ਹਾਲਾਂਕਿ, ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਕਾਲੀਆ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ ਹੈ। ਪੰਜਾਬ ਸਰਕਾਰ ਵੱਲੋਂ ਉਸਨੂੰ 4 ਗੰਨਮੈਨ ਅਲਾਟ ਕੀਤੇ ਗਏ ਹਨ। ਕਾਲੀਆ ਦਾ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹੈ, ਜੋ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਿਆ ਸੀ।
ਇਹ ਹਮਲਾ ਪੰਜਾਬ ਦੇ ਜਲੰਧਰ ਦੇ ਸਭ ਤੋਂ ਪ੍ਰਮੁੱਖ ਖੇਤਰ ਸ਼ਾਸਤਰੀ ਮਾਰਕੀਟ ਚੌਕ ਦੇ ਨੇੜੇ ਰਾਤ 1.03 ਤੋਂ 1.07 ਵਜੇ ਦੇ ਵਿਚਕਾਰ ਹੋਇਆ। ਵੱਡੀ ਗੱਲ ਇਹ ਹੈ ਕਿ ਜਿਸ ਥਾਂ ‘ਤੇ ਹਮਲਾ ਹੋਇਆ, ਉੱਥੋਂ 50 ਮੀਟਰ ਦੀ ਦੂਰੀ ‘ਤੇ, ਉੱਥੇ 24 ਘੰਟੇ ਪੀਸੀਆਰ ਟੀਮ ਤਾਇਨਾਤ ਹੈ ਅਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ-3 ਵੀ ਸਿਰਫ਼ 100 ਮੀਟਰ ਦੀ ਦੂਰੀ ‘ਤੇ ਹੈ। ਇਸ ਤੋਂ ਬਾਅਦ ਵੀ ਤਿੰਨ ਨੌਜਵਾਨਾਂ ਨੇ ਸਾਬਕਾ ਮੰਤਰੀ ਦੇ ਘਰ ‘ਤੇ ਗ੍ਰਨੇਡ ਸੁੱਟਿਆ ਅਤੇ ਭੱਜ ਗਏ।