ਲੁਧਿਆਣਾ, 7 ਜੁਲਾਈ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਡੀਐਮਸੀ ਹਸਪਤਾਲ ਵਿੱਚ ਜੇਰੇ ਇਲਾਜ ਅਧੀਨ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਉਸ ਤੋਂ ਬਾਅਦ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਸੰਦੀਪ ਗੋਰਾ ਥਾਪਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪੁੱਜੇ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ। ਹਾਲਾਂਕਿ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਗੰਭੀਰ ਹੈ। ਭਾਵੇਂ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਚਿੰਤਾ ਦਾ ਵਿਸ਼ਾ ਹੈ, ਪਰ ਪੁਲੀਸ ਦਾ ਕੰਮਕਾਜ ਵਧੀਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵਲੋਂ ਤੀਸਰੇ ਦੋਸ਼ੀ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਪੁਲੀਸ ਨੂੰ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੇ ਗੰਨਮੈਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ‘ਤੇ ਹਮਲੇ ਦੇ ਮਾਮਲੇ ਦੀ ਜਾਂਚ ਦੀ ਉਹ ਖੁਦ ਨਿਗਰਾਨੀ ਕਰਨਗੇ।