ਜਲੰਧਰ, 15 ਅਕਤੂਬਰ : ਦੇਸ਼ ਭਰ ਵਿਚ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 17 ਅਕਤੂਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 16 ਅਕਤੂਬਰ ਨੂੰ ਜਲੰਧਰ ਵਿਚ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ 16 ਅਕਤੂਬਰ ਨੂੰ ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਵਿਚ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੁਪਹਿਰ ਦੋ ਵਜੇ ਤੋਂ ਬਾਅਦ ਅੱਧੀ ਛੁੱਟੀ ਐਲਾਨੀ ਗਈ ਹੈ।
ਜਾਰੀ ਹੁਕਮਾਂ ਅਨੁਸਾਰ 16 ਅਕਤੂਬਰ ਨੂੰ ਜਲੰਧਰ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਹੁਕਮ ਦਿੱਤੇ ਗਏ ਹਨ। ਇਥੇ ਦੱਸ ਦੇਈਏ ਕਿ 17 ਤਾਰੀਖ਼ ਨੂੰ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਵੱਲੋਂ ਪਹਿਲਾਂ ਹੀ ਪੂਰੀ ਛੁੱਟੀ ਐਲਾਨੀ ਗਈ ਹੈ।