ਲੁਧਿਆਣਾ, 24 ਜੁਲਾਈ : ਇਸ ਵਾਰ ਪੰਜਾਬ ਵਿੱਚ ਮਾਨਸੂਨ ਆਉਣ ਤੋਂ ਬਅਦ ਵੀ ਬਾਰਿਸ਼ ਆਮ ਨਾਲੋਂ ਘੱਟ ਹੋ ਰਹੀ ਹੈ। ਮੌਸਮ ਵਿਭਾਗ ਵਲੋਂ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪਰ ਮੀਂਹ ਨਾ ਪੈਣ ਕਾਰਨ ਪੰਜਾਬ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਗਰਮੀ ਅਤੇ ਹੁੰਮਸ ਲਗਾਤਾਰ ਵੱਧ ਰਹੀ ਹੈ। ਲੋਕ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਹਨ। ਮੌਸਮ ਵਿਭਾਗ ਨੇ ਅੱਜ ਵੀ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਮੀਂਹ ਨਾ ਪੈਣ ਕਾਰਨ ਤਾਪਮਾਨ ਵੀ ਆਮ ਨਾਲੋਂ ਉਪਰ ਹੈ।
ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਵਿੱਚ 1.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਤਾਪਮਾਨ ਆਮ ਨਾਲੋਂ 1.2 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਭਾਗ ਨੇ ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 1.4 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਭਲਕੇ 25 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
26 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸੇ ਤਰ੍ਹਾਂ 27 ਜੁਲਾਈ ਨੂੰ ਤਾਪਮਾਨ ਵੱਧ ਕੇ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੋ ਸਕਦਾ ਹੈ।