ਮੋਹਾਲੀ ਕੋਰਟ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਖਿਲਾਫ ਜ਼ਮਾਨਤੀ ਸੰਮਨ ਜਾਰੀ ਕੀਤਾ ਹੈ। ਮੁਹਾਲੀ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਨੇ ਕੇਸ ਦੇ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਨੋਟਿਸ ਭੇਜਿਆ ਸੀ। ਗਿੱਪੀ ਗਰੇਵਾਲ ਤਿੰਨ ਪੇਸ਼ੀਆਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ। ਜਿਸ ਕਾਰਨ ਅਦਾਲਤ ਨੇ ਉਸ ਨੂੰ ਜ਼ਮਾਨਤੀ ਵਾਰੰਟ ਅਤੇ 5,000 ਰੁਪਏ ਦੀ ਜ਼ਮਾਨਤ ਸਮੇਤ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਦੱਸ ਦਈਏ ਕਿ , 31 ਮਈ, 2018 ਨੂੰ, ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ‘ਤੇ ਵੌਇਸ ਅਤੇ ਟੈਕਸਟ ਸੁਨੇਹੇ ਪ੍ਰਾਪਤ ਹੋਏ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ ਤੇ ਇਸ ਨੰਬਰ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਹੈ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ। ਅਦਾਲਤ ਨੇ ਕਿਹਾ ਕਿ ਜੇਕਰ ਗਿੱਪੀ ਗਰੇਵਾਲ ਅਗਲੀ ਤਰੀਕ ‘ਤੇ ਪੇਸ਼ ਨਹੀਂ ਹੋਏ ਤਾਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣਗੇ। ਅਗਲੀ ਸੁਣਵਾਈ 20 ਅਗਸਤ ਲਈ ਤੈਅ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਅਦਾਲਤ ਵੱਲੋਂ 4 ਜੁਲਾਈ ਨੂੰ ਗਿੱਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ 10 ਜੁਲਾਈ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਬੈਲਿਫ ਨੇ ਅਦਾਲਤ ‘ਚ ਰਿਪੋਰਟ ਪੇਸ਼ ਕੀਤੀ ਕਿ ਗਿੱਪੀ ਗਰੇਵਾਲ ਕਈ ਮਹੀਨਿਆਂ ਤੋਂ ਕੈਨੇਡਾ ‘ਚ ਹੈ। ਅਜਿਹੇ ‘ਚ ਅਦਾਲਤ ਦਾ ਮੰਨਣਾ ਹੈ ਕਿ ਗਿੱਪੀ ਗਰੇਵਾਲ ਮਾਮਲੇ ‘ਚ ਸ਼ਿਕਾਇਤਕਰਤਾ ਹੈ ਅਤੇ ਉਸ ਦੀ ਗਵਾਹੀ ਜ਼ਰੂਰੀ ਹੈ, ਇਸ ਲਈ ਅਦਾਲਤ ‘ਚ ਉਸ ਦਾ ਫਿਜ਼ਿਕਲੀ ਤੌਰ ‘ਤੇ ਹਾਜ਼ਰ ਹੋਣਾ ਜ਼ਰੂਰੀ ਹੈ