Tuesday, April 8, 2025
spot_img

ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ ਸਿੰਘ ਸੌਂਦ

Must read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਪੇਂਡੂ ਲਾਇਬ੍ਰੇਰੀ ਯੋਜਨਾ’ ਤਹਿਤ ਪੰਜਾਬ ਵਿੱਚ 196 ਲਾਇਬ੍ਰੇਰੀਆਂ ਪੇਂਡੂ ਖੇਤਰਾਂ ਵਿੱਚ ਸਫਲਤਾਪੂਰਕ ਚੱਲ ਰਹੀਆਂ ਹਨ। ਜਦਕਿ ਆਧੁਨਿਕ ਸਹੂਲਤਾਂ ਨਾਲ ਲੈਸ 135 ਹੋਰ ਲਾਇਬ੍ਰੇਰੀਆਂ ਦਾ ਕੰਮ ਪ੍ਰਗਤੀਅਧੀਨ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਅਗਸਤ, 2024 ਨੂੰ ਪਿੰਡ ਈਸੜੂ (ਖੰਨਾ) ਤੋਂ ਪੇਂਡੂ ਲਾਇਬ੍ਰੇਰੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਨੇ ਇੱਥੇ ਬਣਾਈ ਪਹਿਲੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਇਹ ਪੇਂਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨ। ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਵਿਕਸਤ ਕਰਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਕਿਸਮਤ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ, ਜੋ ਇੱਥੋਂ ਪੜ੍ਹ ਕੇ ਵੱਡੇ ਅਫ਼ਸਰ, ਵਿਗਿਆਨੀ, ਡਾਕਟਰ ਅਤੇ ਤਕਨੀਕੀ ਮਾਹਰ ਆਦਿ ਬਣਨਗੇ।

ਜ਼ਿਆਦਾ ਜਾਣਕਾਰੀ ਦਿੰਦਿਆਂ ਸੌਂਦ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 4 ਲਾਇਬ੍ਰੇਰੀਆਂ ਕਾਰਜਸ਼ੀਲ ਹਨ, ਜਦਕਿ ਬਠਿੰਡਾ ਵਿੱਚ 29 ਲਾਇਬ੍ਰੇਰੀਆਂ ਚੱਲ ਰਹੀਆਂ ਹਨ। ਬਰਨਾਲਾ ਵਿੱਚ 6 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਤੇ 5 ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 10 ਲਾਇਬ੍ਰੇਰੀਆ ਕਾਰਜਸ਼ੀਲ ਹਨ ਤੇ 2 ਦਾ ਕੰਮ ਪ੍ਰਗਤੀਅਧੀਨ ਹੈ, ਫਰੀਦਕੋਟ ਵਿੱਚ 5 ਕਾਰਜਸ਼ੀਲ ਤੇ 7 ਪ੍ਰਗਤੀਅਧੀਨ, ਫਾਜ਼ਿਲਕਾ ਵਿੱਚ 21 ਕਾਰਜਸ਼ੀਲ ਤੇ 9 ਪ੍ਰਗਤੀਅਧੀਨ ਅਤੇ ਫਿਰੋਜ਼ਪੁਰ ਵਿੱਚ 22 ਲਾਇਬ੍ਰੇਰੀਆ ਦਾ ਕੰਮ ਪ੍ਰਗਤੀਅਧੀਨ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 2 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਤੇ 13 ਦਾ ਕੰਮ ਚੱਲ ਰਿਹਾ ਹੈ। ਲੁਧਿਆਣਾ ਵਿੱਚ 15 ਕਾਰਜਸ਼ੀਲ ਤੇ 26 ਪ੍ਰਗਤੀਅਧੀਨ, ਮਾਨਸਾ ਵਿੱਚ 8 ਕਾਰਜਸ਼ੀਲ ਤੇ 10 ਪ੍ਰਗਤੀਅਧੀਨ, ਮਾਲੇਰਕੋਟਲਾ ਵਿੱਚ 6 ਕਾਰਜਸ਼ੀਲ ਤੇ 5 ਪ੍ਰਗਤੀਅਧੀਨ ਜਦਕਿ ਸ੍ਰੀ ਮੁਕਤਸਰ ਸਾਹਿਬ ਵਿੱਚ 6 ਲਾਇਬ੍ਰੇਰੀਆਂ ਦਾ ਕੰਮ ਪ੍ਰਗਤੀਅਧੀਨ ਹੈ। ਮੋਗਾ ਵਿੱਚ 13 ਲਾਇਬ੍ਰੇਰੀਆਂ ਕਾਰਜਸ਼ੀਲ ਤੇ 1 ਪ੍ਰਗਤੀਅਧੀਨ, ਪਟਿਆਲਾ ਵਿੱਚ 18 ਕਾਰਜਸ਼ੀਲ ਤੇ 11 ਪ੍ਰਗਤੀਅਧੀਨ, ਰੂਪਨਗਰ ਵਿੱਚ 12 ਕਾਰਜਸ਼ੀਲ ਤੇ 1 ਪ੍ਰਗਤੀਅਧੀਨ, ਸ਼ਹੀਦ ਭਗਤ ਸਿੰਘ ਨਗਰ ਵਿੱਚ 6 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 12 ਲਾਇਬ੍ਰੇਰੀਆਂ ਪ੍ਰਗਤੀਅਧੀਨ ਹਨ।

ਪੰਚਾਇਤ ਮੰਤਰੀ ਨੇ ਅੱਗੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 28 ਲਾਇਬ੍ਰੇਰੀਆਂ ਚੱਲ ਰਹੀਆਂ ਹਨ ਜਦਕਿ 5 ਲਾਇਬ੍ਰੇਰੀਆਂ ਦਾ ਕੰਮ ਪ੍ਰਗਤੀਅਧੀਨ ਹੈ। ਇਸੇ ਤਰ੍ਹਾਂ ਤਰਨਤਾਰਨ ਵਿੱਚ 11 ਅਤੇ ਜਲੰਧਰ ਜ਼ਿਲ੍ਹੇ ਵਿੱਚ 2 ਲਾਇਬ੍ਰੇਰੀਆਂ ਚੱਲ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਇਹ ਲਾਇਬ੍ਰੇਰੀਆਂ ਵਾਈ-ਫਾਈ, ਸੋਲਰ ਪਾਵਰ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਾਹਿਤਕ ਕਿਤਾਬਾਂ, ਵੱਖ-ਵੱਖ ਵਿਸ਼ਿਆਂ ਦੀਆਂ ਮਿਆਰੀ ਪੁਸਤਕਾਂ ਅਤੇ ਪਾਠਕ੍ਰਮ ਬਾਰੇ ਵਿਸ਼ਵ ਪੱਧਰੀ ਪੁਸਤਕਾਂ ਉਪਲੱਬਧ ਹਨ, ਜੋ ਸਿੱਖਣ ਲਈ ਅਨੁਕੂਲ ਤਜ਼ਰਬਾ ਪ੍ਰਦਾਨ ਕਰਦੀਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article