ਲੁਧਿਆਣਾ, 26 ਸਤੰਬਰ : ਸ਼ਹਿਰ ‘ਚ ਦਿਨੋ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਟਿੱਬਾ ਰੋਡ ’ਤੇ ਰਾਮ ਨਗਰ ਦੀ ਗਲੀ ਨੰਬਰ 2 ਦੇ ਵਸਨੀਕ ਰਾਜੀਵ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 3 ਵਜੇ ਉਨ੍ਹਾ ਨੇ ਆਪਣੇ ਘਰ ’ਚ ਆਹਟ ਸੁਣੀ ਅਤੇ ਦੋ ਚੋਰਾਂ ਘਰ ’ਚੋਂ ਸਾਮਾਨ ਚੋਰੀ ਕਰਕੇ ਗਲੀ ’ਚੋਂ ਨਿਕਲਦੇ ਦੇਖਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।
ਰਾਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 15 ਮਿੰਟਾਂ ਵਿੱਚ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਚੋਰ ਘਰ ਵਿੱਚੋਂ ਇੱਕ ਲੈਪਟਾਪ, ਇੱਕ ਮੋਬਾਈਲ ਫ਼ੋਨ ਅਤੇ 31 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।
ਮੁਹੱਲੇ ਦੇ ਵਸਨੀਕ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਦੇ ਘਰ ਚੋਰੀ ਹੋਈ ਸੀ ਅਤੇ ਤੰਬਾਕੂ ਚੋਰੀ ਹੋ ਗਿਆ ਸੀ। ਜਿਸ ਤੋਂ ਬਾਅਦ ਚੋਰਾਂ ਦੀ ਪਹਿਚਾਣ ਕਰਕੇ ਪੁਲੀਸ ਨੂੰ ਸੌਂਪ ਦਿੱਤੇ ਸਨ, ਪਰ ਪੁਲੀਸ ਨੇ ਉਨ੍ਹਾਂ ਤੇ ਕਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਬਿਨ੍ਹਾਂ ਕਰਵਾਈ ਕੀਤੇ ਛੱਡ ਦਿੱਤਾ।
ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਵੱਲੋਂ ਬਿਨਾਂ ਕਿਸੇ ਕਾਰਵਾਈ ਦੇ ਛੱਡੇ ਗਏ ਚੋਰਾਂ ਨੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਟਿੱਬਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹੱਲੇ ਵਿੱਚ ਹੋ ਰਹੀਆਂ ਚੋਰੀਆਂ ਅਤੇ ਪੁਲੀਸ ਦੀ ਢਿੱਲੀ ਕਾਰਜਸ਼ੈਲੀ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਔਰਤਾਂ ਨੇ ਕਿਹਾ ਕਿ ਪੁਲੀਸ ਚੋਰਾਂ ਨੂੰ ਛੁਡਵਾ ਰਹੀ ਹੈ, ਜਦੋਂਕਿ ਚੋਰ ਰਾਤ ਸਮੇਂ ਮੁਹੱਲੇ ਵਿੱਚ ਘੁਸਪੈਠ ਕਰ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਪੁਲੀਸ ਇਲਾਕੇ ਵਿੱਚ ਗਸ਼ਤ ਵੀ ਨਹੀਂ ਕਰ ਰਹੀ।