ਦਿ ਸਿਟੀ ਹੈਡਲਾਈਨ
ਲੁਧਿਆਣਾ, 21 ਦਸੰਬਰ
ਲੋਹੜੀ ਦਾ ਤਿਉਹਾਰ ਨਜ਼ਦੀਕ ਆਉਂਦੇ ਹੀ ਇੱਕ ਵਾਰ ਫਿਰ ਤੋਂ ਪਲਾਸਟਿਕ ਡੋਰ ਦਾ ਜਿੰਨ ਬਾਹਰ ਨਿਕਲ ਆਇਆ ਹੈ। ਪਲਾਸਟਿਕ ਡੋਰ ਨਾਲ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਕਮਿਸ਼ਨਰੇਟ ਪੁਲੀਸ ਦੇ ਵੱਲੋਂ ਇਸਨੂੰ ਵੇਚਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਪੁਲੀਸ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਪਲਾਸਟਿਕ ਡੋਰ ਵੇਚਣ, ਸਟੋਰ ਕਰਨ ਦੇ ਨਾਲ ਨਾਲ ਇਸਤੇਮਾਲ ਕਰਨ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨਰ ਆਫ਼ ਪੁਲੀਸ ਦੇ ਵੱਲੋਂ ਕਈ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਬਾਜ਼ਾਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਦਰੇਸੀ ਮੈਦਾਨ ਨੇੜੇ ਲੱਗੀਆਂ ਪਤੰਗਾਂ ਦੀ ਦੁਕਾਨਾਂ, ਲੁਧਿਆਣਾ ਦਾ ਇੱਕ ਪੁਰਾਣਾ ਪਤੰਗ ਵੇਚਣ ਵਾਲਾ ਵਪਾਰੀ ਵੀ ਸਰੇਆਮ ਡੋਰ ਵੇਚ ਰਿਹਾ ਹੈ।
ਉਧਰ, ਪੁਲੀਸ ਨੇ ਆਪਣੇ ਪੱਧਰ ’ਤੇ ਇਸ ’ਤੇ ਪਾਬੰਦੀ ਦੇ ਹੁਕਮ ਕੀਤੇ ਹਨ। ਇਸ ਸਬੰਧੀ ਡੀਸੀਪੀ ਹੈਡ ਕੁਆਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਲਾਸਟਿਕ ਡੋਰ ਲੋਕਾਂ ਦੇ ਨਾਲ ਨਾਲ ਪੰਛੀਆਂ ਲਈ ਵੀ ਖਤਰਨਾਕ ਹੈ। ਜਿਸਨੂੰ ਖੂਨੀ ਡੋਰ ਵੀ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸਨੂੰ ਵੇਚਣ ’ਤੇ ਪਹਿਲਾਂ ਵੀ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕ ਇਸਦੀ ਵਰਤੋਂ ਕਰ ਰਹੇ ਹਨ ਤੇ ਨਾਲ ਦੀ ਨਾਲ ਕੁਝ ਦੁਕਾਨਦਾਰ ਵੀ ਧੜੱਲੇ ਨਾਲ ਇਸਨੂੰ ਚੋਰੀ ਛਿਪੇ ਵੇਚ ਰਹੇ ਹਨ, ਪਰ ਇਸ ਵਾਰ ਕਮਿਸ਼ਨਰੇਟ ਪੁਲੀਸ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਇਸ ਡੋਰ ਨੂੰ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਡੋਰ ਵੇਚਣ ਵਾਲੇ ਸਟੋਰ ਤੇ ਵਰਤਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਲਾਸਟਿਕ ਡੋਰ ਜੋ ਲੋਕਾਂ ਲਈ ਖਤਰਨਾਕ ਹੈ, ਇਸਨੂੰ ਖੁਦ ਵੀ ਇਸਤੇਮਾਲ ਨਾ ਕਰਨ ਅਤੇ ਨਾ ਹੀ ਕਿਸੇ ਨੂੰ ਵਰਤਣ ਦੇਣ। ਜੇਕਰ ਕੋਈ ਇਸਤੇਮਾਲ ਕਰਦਾ ਹੈ ਜਾਂ ਫਿਰ ਵੇਚਦਾ ਹੈ ਤਾਂ ਇਸ ਬਾਰੇ ’ਚ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਸਖਤ ਕਾਰਵਾਈ ਕੀਤੀ ਜਾਵੇ।