ਲੁਧਿਆਣਾ, 6 ਸਤੰਬਰ : ਸ਼ਹਿਰ ਦੇ ਨਜਦੀਕੀ ਪਿੰਡ ਸੁਨੇਤ ਵਿੱਚ ਕਰੀਬ ਇੱਕ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਸ਼ਿਕਾਇਤ ਕਰਨ ਵਾਲੇ ਕਾਲਾ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਬੀਰਪਾਲ ਸਿੰਘ ਪਿੰਡ ਦੇ ਇੱਕ ਮੈਡੀਕਲ ਸਟੋਰ ਦੇ ਬਾਹਰ ਖੜ੍ਹਾ ਸੀ। ਉਸੇ ਪਿੰਡ ਦਾ ਇੱਕ ਹੋਰ ਨੌਜਵਾਨ ਆਇਆ ਅਤੇ ਉਸ ਨਾਲ ਬਦਸਲੂਕੀ ਕਰਨ ਲੱਗਾ। ਸੂਚਨਾ ਮਿਲਦੇ ਹੀ ਜ਼ਖਮੀ ਕਾਲਾ ਸਿੰਘ ਆਪਣੇ ਲੜਕੇ ਨੂੰ ਘਰ ਲੈ ਆਇਆ। ਕਰੀਬ 20 ਮਿੰਟ ਬਾਅਦ ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਉਨ੍ਹਾਂ ਦੇ ਘਰ ਦੇ ਅੰਦਰ ਵੜ ਕੇ ਤਲਵਾਰਾਂ ਅਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ।
ਹਮਲੇ ‘ਚ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਕਾਲਾ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੇ ਲੜਕਿਆਂ ਦੀ ਉਕਤ ਨੌਜਵਾਨ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਹੋ ਗਿਆ।
ਇਸ ਸਬੰਧ ਵਿੱਚ ਸਰਾਭਾ ਨਗਰ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਕਾਲਾ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਸ਼ੰਮੀ, ਜੱਗਾ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।