ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 5 ਫਰਵਰੀ – ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਦੁਕਾਨ ਅਤੇ ਫਾਰਮੇਸੀ ਦੀ ਦੁਕਾਨ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਤਿੰਨ ਦਿਨਾਂ ਵਿੱਚ ਦੋ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਪੁਲੀਸ ਨੇ ਕਈ ਤਕਨੀਕੀ ਥਿਊਰੀਆਂ ਵਰਤ ਕੇ ਜਾਂਚ ਕੀਤੀ ਅਤੇ ਮੁਲਜ਼ਮਾਂ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ।ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਤੇਜ਼ਧਾਰ ਹਥਿਆਰ ਅਤੇ ਵਾਰਦਾਤਾਂ ’ਚ ਵਰਤੀ ਗਈ ਮੋਟਰਸਾਈਕਲ ਬਰਾਮਦ ਹੋਈ। ਇਸ ਮਾਮਲੇ ਵਿੱਚ ਪੁਲੀਸ ਨੇ ਧੀਰਜ ਕੁਮਾਰ, ਸੌਰਵ ਜਸਰੋਟੀਆ ਅਤੇ ਵਿਕਾਸ ਉਰਫ਼ ਬਿੱਲਾ ਵਾਸੀ ਨਿਊ ਦੀਪ ਨਗਰ ਹੈਬੋਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੋਜ਼ਪੁਰ ਰੋਡ ’ਤੇ ਸਥਿਤ 24/7 ਸਟੋਰ ਤੋਂ ਪਿਸਤੌਲ ਦੀ ਨੋਕ ’ਤੇ 23 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਦੋ ਦਿਨਾਂ ਬਾਅਦ ਮੁਲਜ਼ਮ ਫਿਰ ਤੋਂ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਸਥਿਤ ਫਾਰਮੇਸੀ ਸਟੋਰ ਵਿੱਚ ਦਾਖ਼ਲ ਹੋਏ ਅਤੇ ਨੌਜਵਾਨ ਦਾ ਮੋਬਾਈਲ ਫੋਨ ਅਤੇ ਕਿੱਟ ਸਮੇਤ 10 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਏ.ਡੀ.ਸੀ.ਪੀ ਨੇ ਦੱਸਿਆ ਕਿ ਦੋ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਦੁਕਾਨ ਜਾਂ ਸਟੋਰ ਦੇ ਅੰਦਰ ਜਾਂਦੇ ਸਨ, ਜਦਕਿ ਉਨ੍ਹਾਂ ਦਾ ਇੱਕ ਸਾਥੀ ਬਾਹਰ ਬਾਈਕ ਖੜ੍ਹੀ ਕਰ ਦਿੰਦਾ ਸੀ ਤਾਂ ਜੋ ਭੱਜਣਾ ਆਸਾਨ ਹੋ ਜਾਵੇ। ਮੁਲਜ਼ਮਾਂ ਨੇ ਦੋਵੇਂ ਵਾਰਦਾਤਾਂ ਨੂੰ ਇਸੇ ਤਰ੍ਹਾਂ ਅੰਜਾਮ ਦਿੱਤਾ। ਪੁਲਿਸ ਨੇ ਕਈ ਥਿਊਰੀਆਂ ‘ਤੇ ਜਾਂਚ ਜਾਰੀ ਰੱਖੀ। ਤਕਨੀਕੀ ਨੁਕਤੇ ‘ਤੇ ਜਾਂਚ ਕੀਤੀ ਗਈ ਤਾਂ ਦੋਸ਼ੀ ਦੀ ਪਛਾਣ ਸਾਹਮਣੇ ਆਈ।ਜਿਸ ਤੋਂ ਬਾਅਦ ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਅਨੁਸਾਰ ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਦੇ ਨਾਲ-ਨਾਲ ਸ਼ਾਰਟਕੱਟ ਜ਼ਰੀਏ ਪੈਸੇ ਕਮਾਉਣ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।