ਚੰਡੀਗੜ੍ਹ, 3 ਨਵੰਬਰ – ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਵੱਲੋਂ ਹਾਲ ਹੀ ਵਿੱਚ ਸੜਕਾਂ ਦੇ ਨਵੀਨੀਕਰਨ ਲਈ ਜਾਰੀ ਕੀਤੇ ਗਏ ਟੈਂਡਰਾਂ ਵਿੱਚ ਵੱਡੀ ਗਿਣਤੀ ਵਿੱਚ ਠੇਕੇਦਾਰਾਂ ਵੱਲੋਂ ਹਿੱਸਾ ਲੈਣ ਸਦਕਾ 430 ਕਿਲੋਮੀਟਰ ਲੰਬੀਆਂ ਪਲਾਨ ਸੜਕਾਂ ਦੇ 55 ਕਾਰਜ਼ਾਂ ਨੂੰ 342 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਦੇ ਮੁਕਾਬਲੇ 270 ਕਰੋੜ ਰੁਪਏ ਵਿੱਚ ਅਲਾਟ ਕਰਨ ਕਰਕੇ 72 ਕਰੋੜ ਰੁਪਏ (ਲਗਭਗ 21 ਪ੍ਰਤੀਸ਼ਤ) ਦੀ ਬੱਚਤ ਹੋਈ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਾਰਦਰਸ਼ੀ ਅਤੇ ਕੁਸ਼ਲ ਕਾਰਜ਼ ਪ੍ਰਣਾਲੀ ਸਦਕਾ ਠੇਕੇਦਾਰਾਂ ਵਿੱਚ ਵਿਸ਼ਵਾਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਠੇਕੇਦਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂੰ ਹਨ ਕਿ ਉਨ੍ਹਾਂ ਨੂੰ ਕਿਸੇ ਨੂੰ ਵੀ ਰਿਸ਼ਵਤ ਨਹੀਂ ਦੇਣੀ ਪਵੇਗੀ ਅਤੇ ਘੱਟੋ-ਘੱਟ ਕੀਮਤ ‘ਤੇ ਵੱਧ ਤੋਂ ਵੱਧ ਮਿਆਰੀ ਕੰਮ ਕਰਨ ਵਾਲੇ ਨੂੰ ਹੀ ਠੇਕਾ ਦਿੱਤਾ ਜਾਵੇਗਾ।